ਅਸੀਂ ਆਪ ਮਾਰੇ ਆ ਆਪਣੇ ਪੁੱਤ,ਆਪ ਲਾਏ ਆ ਨਸ਼ਿਆਂ ਤੇ , ਅਜੇਹੀ ਸਚਾਈ ਜਿਸਨੂੰ ਪੜ੍ਹ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ

Sharing is caring!

ਓਏ ਜਾ ਕਾਕਾ ਤੂੰ ਘਰੇ ਜਾ ਕੇ ਪੜ੍ਹਲਾ ਤੂੰ ਕੀ ਲੈਣਾ ਖੇਤੀਆਂ ਤੋਂ’ ਇੱਕ ਸੱਤ ਕਿਲਿਆਂ ਦੇ ਮਾਲਕ ਨੂੰ ਆਪਣੇ ਜਵਾਕ ਨਾਲ ਗੱਲ ਕਰਦਿਆਂ ਵੇਖਕੇ ਮੈਨੂੰ ਇਹ ਸ਼ਬਦ ਪੰਜਾਬ ਦੀ ਮਿੱਟੀ ਨਾਲ ਬੇਦਾਵਾ ਲੱਗੇ ਪਰ ਇਹ ਸ਼ਬਦ ਤਾਂ ਅਸੀਂ ਅਕਸਰ ਸੁਣੇ ਸੀ ਅੱਜ ਸਾਡਾ ਪੰਜਾਬ ਜੀਉਂਦੇ ਰਹਿਣ ਲਈ ਸੰਘਰਸ਼ ਕਰ ਰਿਹਾ।ਸਮੱਸਿਆ ਵੀ ਬੜੀ ਅਜਬ ਜਿਹੀ ਆ। ਕੁਝ ਦਿਨ ਪਹਿਲਾਂ ਪੱਤਰਕਾਰ ਕੰਵਲਜੀਤ ਸੰਧੂ ਦੀ ਫੇਸਬੁੱਕ ਤੋਂ ਪੜ੍ਹਿਆ ਸੀ ‘ਮੁੰਡਿਆਂ ਨੂੰ ਕੰਮ ਨਈਂ ਮਿਲਦਾ ਬਾਬੂ ਨੂੰ ਬਈਏ ਨਾ ਮਿਲੇ’ ਪੰਜਾਬ ‘ਚ ਆਈ ਖੇਤ ਮਜ਼ਦੂਰਾਂ ਦੀ ਘਾਟ ਅਸੀਂ ਖੁਦ ਪੈਦਾ ਕੀਤੀ ਨੌਜਵਾਨਾਂ ਦੀ ਬੇ-ਰੁਜ਼ਗਾਰੀ ‘ਚ ਅਸੀਂ ਸਰਕਾਰਾਂ ਦੇ ਬਰਾਬਰ ਸ਼ਰੀਕ ਆਂ ।ਨਿੱਤ ਨਸ਼ਿਆਂ ਕਰਕੇ ਮਰਦੇ ਨੌਜਵਾਨਾਂ ਦੇ ਕਤਲ ‘ਚ ਸਾਡਾ ਨਾਮ ਵੀ ਬੋਲਦਾ ।ਪੰਜਾਬ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਅਲੱਗ ਹੀ ਨਈਂ ਖੁਸ਼ਹਾਲ ਵੀ ਪਹਿਲੇ ਦਿਨ ਤੋਂ ਜ਼ਿਆਦਾ ਰਿਹਾ ਪਰ ਹਰੀ ਕ੍ਰਾਂਤੀ ਵੇਲੇ ਆਈ ਪੈਸਿਆਂ ਦੀ ਛੱਲ ਨੇ ਪੰਜਾਬ ਦੀ ਤਬਾਹੀ ਦਾ ਮੁੱਢ ਬੰਨਿਆਂ। ਹਰੀ ਕ੍ਰਾਂਤੀ ਦੇ ਸੁਨਹਿਰੀ ਦਿਨ ਵੀ ਬਹੁਤੀ ਦੇਰ ਨਾ ਚੱਲੇ ਤੇ ਗਾਂਧੀ ਦੀ ਫੋਟੋ ਵਾਲੇ ਕਾਗਜ਼ ਵੀ ਥੋਹੜੇ ਪੈਣ ਲੱਗੇ ਕਿਉਂਕਿ 1992 ‘ਚ ਮਨਮੋਹਨ ਸਿਓੁ ਵੱਲੋਂ ਖੋਲ੍ਹੇ ਬਜ਼ਾਰ ਨੇ ਸਾਨੂੰ ਦੁਨੀਆਂ ਦੇ ਸਾਹਮਣੇ ਲਿਆ ਖੜਾ ਕੀਤਾ। ਬਜ਼ਾਰ ਨੇ ਸਾਡੇ ਕੱਪੜਿਆਂ ਤੋਂ ਲੈ ਕੇ ਸਾਡੀ ਸੋਚ ਤੱਕ ਨੂੰ ਬਦਲਿਆ। ਨਖਿਦ ਨੌਕਰੀ ਅਫ਼ਸਰੀ ਠਾਠ ਬਣ ਗਈ। ਪੇਂਡੂ ਕਿਸਾਨੀ ਨੂੰ ਆਪਣੀ ਹਰ ਸਮੱਸਿਆ ਦਾ ਹੱਲ ਪੁੱਤ ਦੇ ਡੀ.ਸੀ. ਬਨਣ ‘ਚ ਦਿੱਸਣ ਲੱਗ ਪਿਆ, ਪੁੱਤਾਂ ਦੀ ਪੜਾਈ ‘ਤੇ ਕਿਸਾਨਾਂ ਨੇ ਖੂਬ ਖ਼ਰਚ ਕੀਤਾ ਪਰ ਖੇਤੀ ਦੇ ਨੇੜੇ ਨਾ ਆਉਣ ਦਿੱਤਾ ਤੇ ਆਪਣੀ ਅਗਲੀ ਪੀੜ੍ਹੀ ਨੂੰ ਮਿੱਟੀ ਤੋਂ ਦੂਰ ਕਰਕੇ ਦਾਦੇ ਬਾਬਿਆਂ ਦੀ ਖੇਤੀ ਨੂੰ ‘ਮਿੱਟੀ ‘ਚ ਮਿੱਟੀ ਹੋਣਾ ਐਲਾਨਿਆਂ’ ਇਸੇ ਦੌਰ ‘ਚ ਪੰਜਾਬ ‘ਚ ਪ੍ਰਾਈਵੇਟ ਕਾਲਜ ਅਮਰ ਵੇਲ ਵਾਂਗੂ ਵਧੇ ਜੋ ਸਿੱਖਿਆ ਦਾ ਰੁੱਖ ਖਾ ਗਏ ਤੇ ਪਤਾ ਵੀ ਨਾ ਲੱਗਿਆ, ਪੜ੍ਹੇ-ਲਿਖਿਆਂ ਨੌਜਵਾਨਾਂ ਕਰਕੇ ਸਰਕਾਰੀ ਨੌਕਰੀਆਂ ਲਈ ਕਤਾਰਾਂ ਵਧਣ ਲੱਗੀਆਂ। ਸਰਕਾਰ ਨੇ ਰੋਜ਼ਗਾਰ ਦੇ ਨਾਮ ‘ਤੇ ਸਰਮਾਏਦਾਰਾਂ ਨੂੰ ਛੋਟਾਂ ਦਿੱਤੀਆਂ ਤੇ ਕਾਰਖਾਨਿਆਂ ‘ਚ ਰੋਜ਼ਗਾਰ ਦੀ ਚਮਕ ਵਿਖਾ ਕੇ ਕਾਲਜਾਂ ਨੇ ਨਵੇਂ ਨਵੇਂ ਕੋਰਸ ਸ਼ੁਰੂ ਕੀਤੇ ਜਿਨ੍ਹਾਂ ਦੀ ਫੀਸ ਨੇ ਸਾਡੀ ਕਿਸਾਨੀ ਦੇ ਪਿੰਡੇ ਦਾ ਖੂਨ ਤੱਕ ਚੂਸ ਲਿਆ। ਦੋ-ਤਿੰਨ ਸਾਲ ਦੀ ਬਹਾਰ ਤੋਂ ਬਾਅਦ ਖਾਲੀ ਠੂਠਾ ਠਣ ਠਣ ਗੋਪਾਲ। 10 ਲੱਖ ਪੜ੍ਹਾਈ ਤੋਂ ਬਾਅਦ 25 ਲੱਖ ਕਨੇਡਾ ਵਾਸਤੇ ਅੱਡ ਖ਼ਰਚਣਾ ਪਿਆ।ਜਿਹੜੇ ਕਨੇਡਾ ਦੇ ਜਹਾਜ਼ ‘ਚ ਬੈਠਣੋਂ ਰਹਿ ਗਏ ਉਹ ਨਸ਼ਿਆਂ ਦੇ ਜਹਾਜ਼ ‘ਚ ਬੈਠ ਕੇ ਨਰਕਾਂ ਨੂੰ ਤੁਰ ਗਏ। ਮਰਨ ਵਾਲੇ ਤਾਂ ਮਰ ਗਏ ਜਿਹੜੇ ਬਚੇ ਉਹ ਕਿਸੇ ਕੰਮ ਦੇ ਨਾ ਰਹੇ। ਜਵਾਕ ਜੰਮਣ ਵਾਸਤੇ ਹਸਪਤਾਲਾਂ ਦੇ ਚੱਕਰ ਲੱਗ ਰਹੇ ਨੇ। ਜਵਾਕ ਹੋਣ ‘ਤੇ ਰਿਸ਼ਤੇਦਾਰ ਕਹਿਣਗੇ ਜਵਾਕ ਦੀ ਸ਼ਕਲ ਪਿਉ ਨਾਲ ਨੀ ਮਿਲਦੀ, ਕੋਈ ਦੱਸੇ ਪਿਉ ਨਾਲ ਸਵਾਹ ਮਿਲਣੀ ਆਂ।ਸੌ ਹੱਥ ਰੱਸਾ ਸਿਰੇ ‘ਤੇ ਗੰਢ ਪੁੱਤਾਂ ਨੂੰ ਮਿੱਟੀ ਤੋਂ ਦੂਰ ਕਰਕੇ ਅਸੀਂ ਸਿਰਫ਼ ਸਿਰ ਖੇਹ ਪਵਾਈ।
ਅਸਲ ‘ਚ ਕਿਸਾਨਾਂ ਦੇ ਜਵਾਕਾਂ ਨੂੰ ਇੰਜਨੀਅਰਿੰਗ ਦੀ ਪੜ੍ਹਾਈ ਨਾਲੋਂ ਜ਼ਰੂਰਤ ਸੀ ਖੇਤੀ ਨੂੰ ਆਧੁਨਿਕ ਤੇ ਵਧੀਆਂ ਢੰਗ ਨਾਲ ਕਰਨ ਦੀ ਪੜ੍ਹਾਈ ਦੀ। ਕਿਸਾਨ ਦੇ ਪੁੱਤ ਲਈ ਬੀ.ਟੈਕ. ਨਹੀਂ ਬੀ.ਐੱਸ.ਸੀ. ਐਗਰੀਕਲਚਰ ਵਰਗੇ ਕੋਰਸ ਹੀ ਕੰਮ ਦੇ ਸੀ। ਸਾਡੇ ਪੁੱਤ ਆਪਣੀ ਮਿੱਟੀ ਦੇ ਅਨੁਸਾਰ ਫ਼ਸਲਾਂ ਬੀਜਦੇ ਉਨ੍ਹਾਂ ਨੂੰ ਵੇਚਣਾ ਸਿੱੱਖਦੇ। ਬੀਜਾਂ ਨੂੰ ਸੋਧਣਾ ਸਿੱਖਦੇ। ਪਿੰਡ ਬੈਠੇ ਕਵਾਰ(ਐਲੋਵੀਰਾ) ਅਮਰੀਕਾ ਨੂੰ ਭੇਜਦੇ ਜਾਂ ਜੂਸ ਕੱਢ ਕੇ ਪੀਂਦੇ ਤੇ ਉੱਤਰਾਖੰਡ ਵਾਲੇ ਪਖੰਡੀ ਨੂੰ 100 ਰੁਪਏ ਲੀਟਰ ਦੇ ਨਾ ਵਟਾਉਂਦੇ। ਹੁਣ ਇਹ ਦੱਸਣਾ ਕਿਸਨੇ ਸੀ ਰਾਜਨੇਤਾ ਪੈਸੇ ਗਿਨਣ ‘ਚ ਉਲਝਿਆ ਸੀ ਧਾਰਮਿਕ ਆਗੂ ਸਟੇਟ ਦੀਆਂ ਕੱਠਪੁਤਲੀਆਂ ਬਣੇ ਹੋਏ ਸੀ ਜਿਹੜੇ ਨਹੀਂ ਬਣੇ ਉਹ ਤਸ਼ੱਦਦ ਨੇ ਭੰਨ ਦਿੱਤੇ ਗਾਇਕ ਸਿੱਧੇ ਰਾਹ ਪਾਉਣ ਨਾਲੋਂ ਇਹ ਦੱਸਣ ‘ਚ ਲੱਗੇ ਸੀ ਕਿ ਗਾਇਕੀ ਸਿਰਫ਼ ਮਨ-ਪ੍ਰਚਾਵੇ ਲਈ ਹੁੰਦੀ ਆ ਗੀਤਕਾਰ ਪੰਜਾਬ ਦੀਆਂ ਕੁੜੀਆਂ ਵਿਚੋਂ ਯਾਰ ਬੁਲਾਉਣ ਲਈ ਉਤਾਵਲੇ ਸਨ ਵੈਸੇ ਬੀਤ ਗਏ ਦੀ ਖ਼ਤਮ ਕਹਾਣੀ ਹੀ ਹੁੰਦੀ ਆ ਪਰ ਜਿਹੜੇ ਬਚੇ ਨੇ ਉਨ੍ਹਾਂ ਲਈ ਵੀ ਇਹ ਮੰਤਰ ਪੱਕਾ ਪੁੱਤਾਂ ਨੂੰ ਖੇਤਾਂ ‘ਚ ਵਾੜੋ, ਪੜ੍ਹਾਈ ਖੇਤੀਬਾੜੀ ਨਾਲ ਸਬੰਧਿਤ ਕਰਵਾਉ, ਜਿਹੜੇ ਡੁੱਲੇ ਬੇਰ ਹਜੇ ਨਹੀਂ ਗਲੇ ਉਨ੍ਹਾਂ ਨੂੰ ਚੱਕੋ ਤੇ ਝੋਲੀ ‘ਚ ਪਾਓ।

Leave a Reply

Your email address will not be published. Required fields are marked *