Uncategorized

ਇੱਕ ਹੋਰ SGPC ਮੇੰਬਰ ਨਿੱਤਰਿਆ ਅਕਾਲੀਆਂ ਖਿਲਾਫ਼ ,ਸੁਖਬੀਰ ਬਾਦਲ ਤੇ ਲਾਏ ਗੰਭੀਰ ਦੋਸ਼

Sharing is caring!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਜਿਸ ਵੇਲੇ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਤੇ ਰੌਲਾ ਪਿਆ ਸੀ ਤਾਂ ਸੁਖਬੀਰ ਬਾਦਲ ਨਾਲ ਹੋਈ ਮੀਟਿੰਗ ਵਿੱਚ ਸੁਖਦੇਵ ਸਿੰਘ ਭੌਰ ਅਤੇ ਚੰਦੂਮਾਜਰਾ ਨਾਲ ਉਹ ਖੁਦ ਵੀ ਮੌਜੂਦ ਸਨ ਜਿੱਥੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਦੇ ਵਿਰੁੱਧ ਨਾ ਬੋਲੋ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਤੋਂ ਇਲਾਵਾ ਵੀ ਪਿਛਲੀ ਅਕਾਲੀ ਸਰਕਾਰ ਨੇ ਡੀਜੀਪੀ ਸੁਮੇਧ ਸੈਣੀ ਵਰਗੇ ਅਜਿਹੇ ਅਧਿਕਾਰੀ ਨੂੰ ਪੁਲਿਸ ਮੁਖੀ ਲਗਾ ਦਿੱਤਾ ਜਿਸਨੇ 1984 ਦੇ ਦੌਰਾਨ ਸਿੱਖਾਂ ’ਤੇ ਜ਼ੁਲਮ ਢਾਏ ਸਨ ਜਿਨ੍ਹਾਂ ਵਿੱਚੋਂ ਉਹ ਖੁਦ ਅਤੇ ਉਨ੍ਹਾਂ ਦੀ ਪਤਨੀ ਵੀ ਇਹ ਜ਼ੁਲਮ ਸਹਿ ਚੁੱਕੇ ਹਨ। ਪੰਜੋਲੀ ਅਨੁਸਾਰ ਅਕਾਲੀ ਦਲ ਦੇ ਇਹ ਲੜੀਵਾਰ ਗਲਤ ਫੈਸਲੇ ਹੀ ਉਸਨੂੰ ਆਪਣੇ ਅਸਲ ਮਕਸਦ ਤੋਂ ਭਟਕਾ ਕੇ ਨਿਘਾਰ ਵੱਲ ਲੈ ਗਏ ਤਾਂ ਹੀ ਅੱਜ ਇਹ ਹਾਲ ਹੋ ਚੁੱਕਿਆ ਹੈ। ਕਰਨੈਲ ਸਿੰਘ ਪੰਜੋਲੀ ਅਨੁਸਾਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਏਜੰਡੇ ਤੋਂ ਭਟਕ ਚੁੱਕੀ ਹੈ ਜਿਸ ਨੂੰ ਕਿ ਠੀਕ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੁੱਲ 14 ਵਿਧਾਇਕ ਹਨ ਜਿਨ੍ਹਾਂ ਵਿੱਚੋਂ ਇੱਕ ਵੀ ਅੰਮ੍ਰਿਤਧਾਰੀ ਨਹੀਂ ਹੈ ਜੋ ਕਿ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਕਾਂਗਰਸ ਪਾਰਟੀ ਜਿਸਨੂੰ ਕਿ ਅਕਾਲੀ ਦਲ ਵਾਲੇ ਦੁਸ਼ਮਣ ਜਮਾਤ ਕਹਿੰਦੇ ਹਨ, ਜਦੋਂ ਉਹ ਪਾਰਟੀ ਪੰਜਾਬ ਦੀ ਅਸੈਂਬਲੀ ਵਿੱਚ ਇਹ ਦੋਸ਼ ਲਗਾਵੇ ਕਿ ਅਕਾਲੀ ਦਲ ਕੋਲ ਇੱਕ ਵੀ ਅੰਮ੍ਰਿਤਧਾਰੀ ਵਿਧਾਇਕ ਨਹੀਂ ਹੈ ਤੇ ਸਾਡੇ ਕੋਲ ਕਈ ਅੰਮ੍ਰਿਤਧਾਰੀ ਵਿਧਾਇਕ ਹਨ ਤਾਂ ਇਹ ਗੱਲ ਅਕਾਲੀ ਦਲ ਨੂੰ ਵਿਚਾਰਨ ਦੀ ਲੋੜ ਹੈ ਕਿ ਇਹ ਲੋਕ ਕਿੱਥੋਂ ਤੁਰੇ ਸੀ ਤੇ ਅੱਜ ਕਿੱਥੇ ਪਹੁੰਚ ਚੁੱਕੇ ਹਨ। ਇਸ ਲਈ ਇਨ੍ਹਾਂ ਨੂੰ ਆਪਣੇ ਪੰਥਕ ਏਜੰਡੇ ਤੇ ਮੁੜ ਆਉਣਾ ਚਾਹੀਦਾ ਹੈ ਤਾਂ ਹੀ ਕੁਝ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਅਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹਟਾਏ ਜਾਣ ਦੀ ਮੰਗ ਕਰਨ ਵਿੱਚ ਬਹੁਤ ਦੇਰ ਕਰ ਦਿੱਤੀ ਹੈ। ਇਹ ਮੰਗ ਉਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਕੌਰ ਕਮੇਟੀ ਦੀ ਮੀਟਿੰਗ ਵਿੱਚ ਕਰਨੀ ਚਾਹੀਦੀ ਸੀ ਤੇ ਜੇਕਰ ਇਹ ਪਹਿਲਾਂ ਹੋਇਆ ਹੁੰਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੁਰਾਹੇ ਨਾ ਪੈਂਦੀ ਜਿਸ ਲਈ ਉਨ੍ਹਾਂ ਨੂੰ ਬੇਹੱਦ ਦੁੱਖ ਅਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਫਰਜ਼ ਅਦਾ ਕੀਤੇ ਹੁੰਦੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਕੁਝ ਹੋਰ ਹੋਣਾ ਸੀ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਰਗਾ ਬੰਦਾ ਜੇਕਰ ਅਕਾਲ ਤਖ਼ਤ ਸਾਹਿਬ ਦੀ ਜੱਥੇਦਾਰੀ ਤੋਂ ਉਤਾਰ ਵੀ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਤੇ ਕੋਈ ਹੋਰ ਅਜਿਹਾ ਹੀ ਆ ਸਕਦਾ ਹੈ ਜੋ ਕਿ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹੁਤ ਵੱਡਾ ਹੈ ਅਤੇ ਜਰੂਰਤ ਇਸ ਗੱਲ ਦੀ ਹੈ ਕਿ ਉਸ ਵੱਡੀ ਪਦਵੀ ਦੇ ਉਤੇ ਕੋਈ ਅਜਿਹੀ ਸ਼ਖਸੀਅਤ ਬਿਠਾਈ ਜਾਵੇ ਜਿਹੜਾ ਸਿੱਖ ਜ਼ਜਬਾਤਾਂ ਦੀ ਨਿਡਰਤਾ ਅਤੇ ਨਿਰਭੈਅਤਾ ਨਾਲ ਉਸ ਦੀ ਪਹਿਰੇਦਾਰੀ ਕਰ ਸਕੇ, ਜਵਾਬਦੇਹੀ ਕਰਾ ਸਕੇ। ਉਨ੍ਹਾਂ ਕਿਹਾ ਕਿ ਇਸ ਅਹੁਦੇ ਤੇ ਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਰਗੇ ਤਾਕਤਵਰ ਬੰਦੇ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਤਾਕਤ ਰੱਖਦਾ ਹੋਵੇ। ਨਹੀਂ ਤਾਂ ਇਹੋ ਕੁਝ ਹੁੰਦਾ ਰਹੇਗਾ ਜਿਸ ਕਾਰਨ ਸਿੱਖ ਪੰਥ ਨੂੰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਵੇ। ਪੰਜੋਲੀ ਨੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕਮਿਸ਼ਨ ਦੀ ਰਿਪੋਰਟ ਦੀ ਸੇਲ ਲਾਉਣ ਦੀ ਬਜਾਏ ਕਿਸੇ ਗੁਰੂ ਘਰ ਵਿੱਚ ਜਾ ਕੇ ਬੇਅਦਬੀ ਮਾਮਲਿਆ ਦੀ ਜਿੰਮੇਵਾਰੀ ਕਬੂਲਦਿਆਂ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਨੀ ਚਾਹੀਦੀ ਸੀ ਜਦਕਿ ਇਨ੍ਹਾਂ ਨੇ ਅਜਿਹਾ ਕਰਨ ਦੀ ਬਜਾਇ ਵਿਧਾਨ ਸਭਾ ਦੇ ਬਾਹਰ ਇਹ ਸਾਰਾ ਸੀਨ ਪੈਦਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਕਿ ਪੰਜਾਬ ਵਿਧਾਨ ਸਭਾ ਅੰਦਰ ਜਾ ਕੇ ਆਪਣਾ ਪੱਖ ਰੱਖਦੇ ਨਾ ਕਿ ਉਥੋਂ ਭੱਜ ਜਾਂਦੇ। ਕਰਨੈਲ ਸਿੰਘ ਪੰਜੋਲੀ ਅਨੁਸਾਰ ਇਹ ਲੋਕ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਤੇ ਭਰੋਸਾ ਨਹੀਂ ਹੈ ਜਿਸ ਲਈ ਇਨ੍ਹਾਂ ਨੂੰ ਅਸੈਂਬਲੀ ਅੰਦਰ ਆਪਣੀ ਮੰਗ ਦੁਹਰਾਉਣੀ ਚਾਹੀਦੀ ਸੀ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਤਲੇ ਫੂਕੇ ਜਾਣਾ ਬਹੁਤ ਛੋਟੀ ਗੱਲ ਹੈ ਜੋ ਕਿ ਇਨ੍ਹਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ ਅਤੇ ਕਰਨਾਲ ਦਾ ਮੋਰਚਾ ਵਰਗੇ ਵੱਡੇ ਮੋਰਚੇ ਲਾਏ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਜਮਾਤ ਨੂੰ ਪੁਤਲੇ ਫੂਕਣ ਵਰਗੀ ਕਾਰਵਾਈ ਸ਼ੋਭਾ ਨਹੀਂ ਦਿੰਦੀ ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>