ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ…

Sharing is caring!

ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ… ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਹੌਲੀ ਜਿਹੀ ਸੁਨੇਹਾ ਦੇ ਦਿੱਤਾ ਕੇ “ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ਇਸ ਵਾਰ ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ਹੁਣ ਸਾਡਾ ਬੋਲ ਚਾਲ ਹੈਨੀਆਪਸ ਵਿਚ… ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਸਭ ਤੋਂ ਪਹਿਲਾਂ ਫਿਰਨੀ ਵਿਚ ਹੀ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ-ਧਾਣੀ ਪੀਤੀਓਂ ਬਗੈਰ ਆਪਣੇ ਘਰੇ ਪੈਰ ਨਾ ਪਾਉਂਦੀ ਸੀ ਪਾਉਂਦੀ ਵੀ ਕਿਓਂ ਨਾ? ਉਸਨੂੰ ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗੀ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਤੇ ਵਰੀ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ !ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ਤੇ ਮਾਂ ਤੇ ਕਮਲੀ ਹੋਈ ਨੂੰ ਉਸ ਦਿਨ ਕੁਝ ਵੀ ਨਹੀਂ ਸੀ ਸੁੱਝ ਰਿਹਾ ! ਉਸਨੂੰ ਇਹ ਵੀ ਚੰਗੀ ਤਰਾਂ ਯਾਦ ਸੀ ਕਿੱਦਾਂ ਇਸ ਮੁਸ਼ਕਿਲ ਘੜੀ ਵਿਚ ਚਾਚੇ ਪੂਰਨ ਸਿੰਘ ਨੇ ਬਗੈਰ ਦੇਰੀ ਕੀਤਿਆਂ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …ਇਹ ਸਾਰਾ ਕੁਝ ਦੇਖ ਜੰਝ ਲੈ ਆ ਢੁੱਕੇ ਅਗਲੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਹੀ ਕੁੜੀ ਆਪਣੇ ਨਾਲ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ ! ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਏ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ ! ਇਸ ਔਖੇ ਇਮਤਿਹਾਨ ਦੀ ਘੜੀ ਵਿਚ ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਇਕਦਮ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪੀਆਂ ਤੇ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ ! ਜਜਬਾਤਾਂ ਤੇ ਆਪਸੀ ਮੋਹ ਦੀਆਂ ਮਜਬੂਤ ਤੰਦਾਂ ਨੇ ਨਿਆਈਆਂ ਵਾਲੇ ਖੇਤ ਵਾਲੇ ਦੁਨਿਆਵੀ ਮਸਲੇ ਜੜੋਂ ਪੁੱਟ ਸੁੱਟੇ ਤੇ ਮਗਰੋਂ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਦਿਲਾਂ ਤੇ ਪਏ ਮਣਾ ਮੂੰਹੀ ਭਾਰ ਨੂੰ ਮਿੰਟਾ-ਸਕਿੰਟਾਂ ਵਿਚ ਹੀ ਕੱਖੋਂ ਹੌਲੇ ਕਰ ਸੁੱਟਿਆ !

Leave a Reply

Your email address will not be published. Required fields are marked *