ਕੈਪਟਨ ਨੂੰ ਅਕਾਲ ਤਖ਼ਤ ’ਤੇ ਕੀਤਾ ਜਾ ਸਕਦੈ ਤਲਬ ….ਜਾਣੋ ਪੂਰੀ ਖ਼ਬਰ

Sharing is caring!

ਕੈਪਟਨ ਨੂੰ ਅਕਾਲ ਤਖ਼ਤ ’ਤੇ ਕੀਤਾ ਜਾ ਸਕਦੈ ਤਲਬ ….ਬਠਿੰਡਾ, 27 ਜੂਨ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ’ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ’ਤੇ ਪੂਰਾ ਨਾ ਨਿਭਣ ਦਾ ਹੈ।ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ। ਜਥੇਦਾਰ ਸਿਰਫ਼ ਲਿਖਤੀ ਸ਼ਿਕਾਇਤ ਦੀ ਉਡੀਕ ਕਰ ਰਹੇ ਹਨ। ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ’ਚ ਇਹ ਮਾਮਲਾ ਉੱਠਣ ਦੀ ਪੂਰੀ ਉਮੀਦ ਜਾਪਦੀ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿੱਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਸੂਬੇ ’ਚੋਂ ਨਸ਼ੇ ਨੂੰ ਖ਼ਤਮ ਕਰ ਦੇਣਗੇ। ਉਦੋਂ ਖਡੂਰ ਸਾਹਿਬ ਤੋਂ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਰਮਨਜੀਤ ਸਿੰਘ ਸਿੱਕੀ ਨੇ ਗੁਟਕਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਸਟੇਜ ਤੋਂ ਫੜਾਇਆ ਸੀ। ਕੈਪਟਨ ਨੇ ਗੁਟਕਾ ਸਾਹਿਬ ਨੂੰ ਪਹਿਲਾਂ ਮੱਥੇ ਨਾਲ ਲਾਇਆ ਅਤੇ ਫਿਰ ਸਹੁੰ ਚੁੱਕੀ ਸੀ। ਚੋਣਾਂ ਜਿੱਤਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ 16 ਮਾਰਚ 2017 ਨੂੰ ਸਹੁੰ ਚੁੱਕੀ ਸੀ। ਸਹੁੰ ਚੁੱਕਣ ਤੋਂ ਹੁਣ ਤੱਕ 65 ਹਫ਼ਤੇ ਬੀਤ ਚੁੱਕੇ ਹਨ ਪ੍ਰੰਤੂ ਸੂਬੇ ’ਚ ਨਸ਼ਾ ਉਵੇਂ ਹੀ ਮੇਲਦਾ ਫਿਰ ਰਿਹਾ ਹੈ।

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਪਹਿਲਾਂ ਸਹੁੰ ਚੁੱਕੀ ਅਤੇ ਫਿਰ ਉਸ ਪ੍ਰਣ ਨੂੰ ਨਾ ਨਿਭਾ ਕੇ ਗੁਟਕਾ ਸਾਹਿਬ ਦਾ ਅਪਮਾਨ ਕੀਤਾ ਹੈ ਜੋ ਮਰਿਆਦਾ ਦੇ ਉਲਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਨੇ ਸਿਆਸੀ ਸਟੇਜ ਤੋਂ ਗੁਰੂ ਸਾਹਿਬ ਨੂੰ ਗਵਾਹ ਬਣਾਇਆ ਅਤੇ ਇਹ ਸਭ ਕੁੱਝ ਵੋਟਾਂ ਲੈਣ ਲਈ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ’ਤੇ ਕੋਈ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਦਾ ਹੈ ਤਾਂ ਸਿੰਘ ਸਾਹਿਬਾਨਾਂ ਦੀ ਅਗਲੀ ਮੀਟਿੰਗ ਵਿੱਚ ਮਸਲਾ ਵਿਚਾਰਿਆ ਜਾ ਸਕਦਾ ਹੈ। ਉਂਜ ਜਥੇਦਾਰ ਨੇ ਆਖਿਆ ਕਿ ਉਹ ਆਪਣੀ ਤਰਫ਼ੋਂ ਇਕੱਤਰਤਾ ਵਿੱਚ ਇਹ ਮਸਲਾ ਉਠਾਉਣਗੇ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੂੰ ਜਨਤਕ ਤੌਰ ’ਤੇ ਕੀਤਾ ਵਾਅਦਾ ਨਿਭਾਉਣਾ ਚਾਹੀਦਾ ਸੀ।

ਇਸੇ ਤਰ੍ਹਾਂ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਨਤਕ ਰੈਲੀ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕਣਾ ਗ਼ਲਤ ਸੀ ਅਤੇ ਉਸ ਤੋਂ ਵੱਧ ਗ਼ਲਤ ਇਹ ਹੋਇਆ ਕਿ ਵਚਨ ’ਤੇ ਉਨ੍ਹਾਂ ਪਹਿਰਾ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਮਰਿੰਦਰ ਸਿੰਘ ਨੇ ਵੋਟਾਂ ਖ਼ਾਤਰ ਗੁਟਕਾ ਸਾਹਿਬ ਦੀ ਟੇਕ ਲਈ ਜਦੋਂ ਕਿ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ।ਜਥੇਦਾਰ ਰਘਬੀਰ ਸਿੰਘ ਨੇ ਆਖਿਆ ਕਿ ਇਸ ਮਾਮਲੇ ’ਤੇ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ ਲਿਖਤੀ ਰੂਪ ਵਿੱਚ ਕੁੱਝ ਆਉਂਦਾ ਹੈ ਤਾਂ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਾਜ਼ਿਸ਼ ਤਹਿਤ ਜਵਾਨੀ ਦਾ ਘਾਣ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਲੜ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

ਮਰਿਆਦਾ ਦੀ ਹੋਈ ਹੈ ਉਲੰਘਣਾ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਤਾਂ ਸਹੁੰ ਚੁੱਕੇ ਜਾਣ ਦੇ ਹੀ ਖ਼ਿਲਾਫ਼ ਹਨ ਕਿਉਂਕਿ ਇਹ ਮਰਿਆਦਾ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਪ੍ਰੰਤੂ ਉਸ ’ਤੇ ਪਹਿਰਾ ਨਹੀਂ ਦਿੱਤਾ, ਸਗੋਂ ਪੰਜਾਬ ਵਿੱਚ ਹੁਣ ਨਸ਼ੇ ਕਈ ਗੁਣਾ ਵੱਧ ਗਏ ਹਨ।

Leave a Reply

Your email address will not be published. Required fields are marked *