ਜਦੋਂ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਮੈਂ ਬਣੀ ਖਾੜਕੂ’ II ਜਾਣੋ ਇੱਕ ਗੈਰਤਮੰਦ ਸਿੰਘਣੀ ਦੀ ਦਾਸਤਾਨ

Sharing is caring!

ਸੰਦੀਪ ਕੌਰ ਮੁਤਾਬਕ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਈ ਸੁਪਨੇ ਦੇਖੇ ਸਨ ਪਰ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਨ੍ਹਾਂ ਦੇ ਸਾਰੇ ਸੁਪਨੇ ਇੱਕ ਪਾਸੇ ਰਹਿ ਗਏ। ਸੰਦੀਪ ਕੌਰ ਵਾਰ ਵਾਰ ਸਵਾਲ ਪੁੱਛਦੇ ਹਨ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਿਉਂ ਹੋਇਆ? ਸੰਦੀਪ ਕਹਿੰਦੇ ਹਨ ਫੌਜੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਦਰਬਾਰ ਸਾਹਿਬ ਸਾਫ਼-ਸਫ਼ਾਈ ਦੀ ਸੇਵਾ ਲਈ ਪਹੁੰਚੇ ਤਾਂ ਉੱਥੋਂ ਦੀ ਹਾਲਤ ਦੇਖ ਉਨ੍ਹਾਂ ਦੇ ਮਨ ਉੱਤੇ ਕਾਫ਼ੀ ਬੁਰਾ ਪ੍ਰਭਾਵ ਪਿਆ।

ਦੋ ਤਿੰਨ ਸਾਲਾਂ ਬਾਅਦ ਜਦੋਂ ਪੰਜਾਬ ਵਿੱਚ ਹਥਿਆਰਬੰਦ ਮੁਹਿੰਮ ਦਾ ਅਸਰ ਵਧਣ ਲੱਗਾ ਤਾਂ ਸੰਦੀਪ ਦਾ ਝੁਕਾਅ ਵੀ ਇਸ ਮੁਹਿੰਮ ਵੱਲ ਹੋਇਆ. ਸੰਦੀਪ ਦਾ ਅਤੀਤ ਬੱਬਰ ਖ਼ਾਲਸਾ ਸੰਗਠਨ ਨਾਲ ਜੁੜਿਆ ਹੈ। ਹਥਿਆਰਬੰਦ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਬੱਬਰ ਖ਼ਾਲਸਾ ਕਾਰਕੁਨ ਧਰਮ ਸਿੰਘ ਕਾਸ਼ਤੀਵਾਲ ਨਾਲ ਵਿਆਹ ਕਰਵਾਇਆ। ਗ੍ਰਿਫ਼ਤਾਰ ਹੋਣ ਤੋਂ ਬਾਅਦ ਜੇਲ੍ਹ ਕੱਟੀ। ਜੇਲ੍ਹ ਦੀ ਜ਼ਿੰਦਗੀ ਤੋਂ ਬਾਅਦ ਸੰਦੀਪ ਕੌਰ ਅੱਜ ਕੱਲ੍ਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਚਲਾ ਰਹੇ ਹਨ।

ਸੰਦੀਪ ਕੌਰ ਦਾ ਕਹਿਣਾ ਸੀ, ”ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਜਦੋਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਵੱਖਵਾਦੀ ਮੁਹਿੰਮ ਵਿੱਚ ਸ਼ਾਮਲ ਹੋ ਕੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਬਦਲਾ ਲੈਣ ਦੀ ਸੋਚੀ।”ਸੰਦੀਪ ਮੁਤਾਬਕ, ”ਮੁਹਿੰਮ ਵਿੱਚ ਅਣਵਿਆਹੀਆਂ ਕੁੜੀਆਂ ਨੂੰ ਨਹੀਂ ਸੀ ਸ਼ਾਮਲ ਕੀਤਾ ਜਾਂਦਾ ਇਸ ਲਈ ਮੈਂ ਖਾੜਕੂ ਨਾਲ ਵਿਆਹ ਕਰਵਾ ਕੇ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾਈ, ਪਰ ਇਹ ਉਸ ਲਈ ਇੰਨਾ ਸੌਖਾ ਨਹੀਂ ਸੀ। ਸਭ ਤੋਂ ਵੱਡੀ ਦਿੱਕਤ ਸੀ ਘਰ ਵਾਲਿਆਂ ਨੂੰ ਮਨਾਉਣਾ ਕਿਉਂਕਿ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸਨ।”ਸੰਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੱਦ ਅੱਗੇ ਘਰ ਵਾਲਿਆਂ ਨੂੰ ਵੀ ਝੁਕਣਾ ਪਿਆ। ਬਹੁਤ ਹੀ ਸਾਦੇ ਤਰੀਕੇ ਨਾਲ ਉਹ ਬੱਬਰ ਖ਼ਾਲਸਾ ਸੰਗਠਨ ਨਾਲ ਜੁੜੇ ਧਰਮ ਸਿੰਘ ਕਾਸ਼ਤੀਵਾਲ ਨਾਲ ਬਕਾਇਦਾ ਵਿਆਹ ਕਰਵਾ ਕੇ ਹਥਿਆਰਬੰਦ ਲਹਿਰ ਵਿੱਚ ਸ਼ਾਮਲ ਹੋ ਗਈ।

ਜਥੇਬੰਦੀ ਵਿੱਚ ਸ਼ਾਮਲ ਹੋਣ ਉੱਤੇ ਸੰਦੀਪ ਨੂੰ ਹਥਿਆਰ ਚਲਾਉਣ ਅਤੇ ਹੋਰ ਟਰੇਨਿੰਗ ਉਸ ਦੇ ਪਤੀ ਨੇ ਹੀ ਦਿੱਤੀ। ਸੰਦੀਪ ਮੁਤਾਬਕ, ”ਮੇਰਾ ਤੇ ਮੇਰੇ ਪਤੀ ਦਾ ਪੁਲਿਸ ਨਾਲ ਮੁਕਾਬਲਾ ਵੀ ਹੋਇਆ। ਖ਼ਾਸ ਤੌਰ ਉੱਤੇ ਯੂਪੀ ਦੇ ਸ਼ਾਹਜਹਾਂਪੁਰ ਵਿੱਚ ਪੰਜ ਮਈ 1989 ਨੂੰ ਉਨ੍ਹਾਂ ਦੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਸਾਹਮਣੇ ਖੜੀ ਨਜ਼ਰ ਆਈ ਪਰ ਅਸੀਂ ਪੁਲਿਸ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਗਏ। ਮੇਰੀ ਗ੍ਰਿਫ਼ਤਾਰੀ ਅੰਮ੍ਰਿਤਸਰ ਵਿੱਚ ਹੋਈ।”ਸੰਦੀਪ ਦੱਸਦੀ ਹੈ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਕਰੀਬ ਸਾਢੇ ਚਾਰ ਸਾਲ ਤੱਕ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਜ਼ਿੰਦਗੀ ਕਾਫ਼ੀ ਬੁਰੀ ਸੀ।

ਇਸ ਸਮੇਂ ਦੌਰਾਨ ਉਸ ਨੂੰ ਸਭ ਤੋਂ ਜ਼ਿਆਦਾ ਸਾਥ ਆਪਣੇ ਪਿਤਾ ਤੋਂ ਮਿਲਿਆ।ਸੰਦੀਪ ਮੁਤਾਬਕ, ”ਉਹ ਸਮਾਂ ਹੀ ਅਜਿਹਾ ਸੀ ਕਿ ਜ਼ਿਆਦਾਤਰ ਨੌਜਵਾਨ ਪੀੜੀ ਦਾ ਝੁਕਾਅ ਖਾੜਕੂ ਲਹਿਰ ਵੱਲ ਸੀ।”ਮਹਿਲਾਵਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਪਰ ਜੇਲ੍ਹ ਵਿੱਚ ਉਸ ਨੂੰ ਕਈ ਮਹਿਲਾਵਾਂ ਮਿਲੀਆਂ ਸਨ, ਜੋ ਲਹਿਰ ਵਿੱਚ ਸ਼ਾਮਲ ਸਨ। ਉਨ੍ਹਾਂ ਮੁਤਾਬਕ ਪਤੀ ਦੀ ਮੌਤ ਦੀ ਖ਼ਬਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਮਿਲੀ। ਪਤੀ ਦੀ ਮੌਤ ਤੋਂ ਬਾਅਦ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਅਤੇ ਉਹ ਬੁਰੀ ਤਰਾਂ ਟੁੱਟ ਗਏ, ਅਜਿਹੇ ਸਮੇਂ ਕਿਤਾਬੀ ਗਿਆਨ ਰਾਹੀਂ ਉਨ੍ਹਾਂ ਆਪਣੇ ਆਪ ਨੂੰ ਮੁੜ ਖੜਾ ਕੀਤਾ।

ਸੰਦੀਪ ਕਹਿੰਦੇ ਹਨ ਕਿ ਹੌਲੀ-ਹੌਲੀ ਹਥਿਆਰਬੰਦ ਮੁਹਿੰਮ ਵੀ ਮੱਧਮ ਪੈਣ ਲੱਗ ਗਈ ਸੀ। ਇਸ ਲਈ ਜੇਲ੍ਹ ਵਿੱਚ ਬਾਕੀ ਦੀ ਜਿੰਦਗੀ ਹਥਿਆਰਾਂ ਦੀ ਥਾਂ ਪੜ੍ਹਾਈ ਵੱਲ ਲਿਆਉਣ ਦਾ ਫੈਸਲਾ ਕੀਤਾ। ਜੇਲ੍ਹ ਵਿੱਚ ਸੰਦੀਪ ਨੇ ਬਾਰ੍ਹਵੀਂ, ਗਿਆਨੀ ਅਤੇ ਬੀ.ਏ. ਦੀ ਪੜ੍ਹਾਈ ਕੀਤੀ। ਸੰਦੀਪ ਮੁਤਾਬਕ 5 ਜੁਲਾਈ 1996 ਨੂੰ ਉਹ ਜੇਲ੍ਹ ਤੋਂ ਬਾਹਰ ਆਏ, ਉਸ ਸਮੇਂ ਉਨ੍ਹਾਂ ਦੀ ਉਮਰ ਕਰੀਬ 24 ਸਾਲ ਸੀ। ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨੀ ਸੌਖੀ ਨਹੀਂ ਸੀ, ਲੋਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਸੀ। ਸੰਦੀਪ ਨੇ ਦੱਸਿਆ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸੰਘਰਸ਼ ਦੌਰਾਨ ਜੋ ਲੋਕ ਮਾਰੇ ਗਏ ਹਨ , ਉਨ੍ਹਾਂ ਦੇ ਬੇਸਹਾਰਾ ਬੱਚਿਆਂ ਨੂੰ ਸੰਭਾਲਣਾ ਅਤੇ ਚੰਗੀ ਸਿੱਖਿਆ ਰਾਹੀਂ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ ਸੀ।

ਪਰ ਇਹ ਕੰਮ ਇੰਨਾ ਸੌਖਾ ਨਹੀਂ ਸੀ ਕਿਉਂਕਿ ਲੋਕ ਅਜੇ ਵੀ ਮੈਨੂੰ ਲੋਕ ਮੇਰੇ ਅਤੀਤ ਕਾਰਨ ਸਹੀ ਨਜ਼ਰੀਏ ਨਾਲ ਨਹੀਂ ਸੀ ਦੇਖਦੇ।ਪਰ ਹੌਲੀ ਹੌਲੀ ਤਮਾਮ ਦਿੱਕਤਾਂ ਦੇ ਬਾਵਜੂਦ ਜਿੰਦਗੀ ਅਸਾਨ ਹੁੰਦੀ ਗਈ ਹੁਣ ਇਹ ਬੇਸਹਾਰਾ ਕੁੜੀਆਂ ਦੀ ਸਾਂਭ-ਸੰਭਾਲ ਕਰਨ ਵਾਲੀ ਸੰਸਥਾ ਚਲਾ ਰਹੇ ਹਨ।
ਸੰਦੀਪ ਦੀ ਖਾੜਕੂ ਮੁਹਿੰਮ ਬਾਰੇ ਸੋਚ
ਸੰਦੀਪ ਹੁਣ ਵੀ ਆਪਣੇ ਆਪ ਨੂੰ ਖ਼ਾਲਿਸਤਾਨੀ ਸਮਰਥਕ ਮੰਨਦੇ ਹਨ।ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਆਪਣਾ ਹੱਕ ਮੰਗਣਾ ਕੋਈ ਗ਼ਲਤ ਗੱਲ ਨਹੀਂ ਹੈ। ਸੰਦੀਪ ਦਾ ਕਹਿਣਾ ਹੈ, ” ਮੈਨੂੰ ਆਪਣੇ ਅਤੀਤ ਅਤੇ ਆਪਣੇ ਵੱਲੋਂ ਕੀਤਾ ਗਏ ਕੰਮਾਂ ਉੱਤੇ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਮੈਂ ਜੋ ਕੁਝ ਕੀਤਾ ਉਹ ਸਮੇਂ ਦੀ ਲੋੜ ਅਨੁਸਾਰ ਕੀਤਾ।”

Leave a Reply

Your email address will not be published. Required fields are marked *