ਜੂਨ 1984: ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ‘ਤੇ ਫੌਜੀ ਕਹਿਰ ਦੀ ਦਾਸਤਾਨ

Sharing is caring!

ਜੇ ਸੰਤ ਅਕਾਲ ਤਖਤ ਸਾਹਿਬ ‘ਤੇ ਮੋਰਚਾ ਨਾ ਲਾਉਂਦੇ ਤਾਂ ਦਰਬਾਰ ਸਾਹਿਬ ਦਾ ਨੁਕਸਾਨ ਨਹੀਂ ਸੀ ਹੋਣਾ, ਸਰਕਾਰ ਨੇ ਹਮਲਾ ਨਹੀਂ ਸੀ ਕਰਨਾ।” …………………….ਸਰਕਾਰੀ ਪ੍ਰਾਪੇਗੰਡੇ ‘ਚ ਫਸੇ ਬਹੁਤ ਸਾਰੇ ਲੋਕ ਅਕਸਰ ਇਹ ਗੱਲ ਕਰਦੇ ਹਨ।ਜਦਕਿ ਅਸਲੀਅਤ ਇਹ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਵਿਖੇ ਫੌਜ ਵਲੋਂ ਦਰਜਨਾਂ ਨਿਰਦੋਸ਼ ਯਾਤਰੂਆਂ ਨੂੰ ਮਾਰਨ ਤੋਂ ਇਲਾਵਾ 37 ਹੋਰ ਗੁਰਧਾਮਾਂ ਨੂੰ ਫੌਜ ਨੇ ਆਪਣੇ ਹਥਿਆਰਾਂ ਦਾ ਨਿਸ਼ਾਨਾ ਬਣਾਇਆ, ਜਿੱਥੇ ਸੰਤ ਜਰਨੈਲ ਸਿੰਘ ਜਾਂ ਉਸਦੇ ਸਾਥੀ ਮੌਜੂਦ ਨਹੀਂ ਸਨ। ਪੇਸ਼ ਹੈ ਅੰਮ੍ਰਿਤਸਰ ਤੋਂ ਐਨ ਉਲਟ ਪੰਜਾਬ ਦੇ ਦੂਜੇ ਕੋਨੇ ਸਥਿਤ ਮੁਕਤਸਰ ਦੀ ਪਵਿੱਤਰ ਧਰਤੀ ‘ਤੇ ਜੂਨ 1984 ਦੌਰਾਨ ਇਤਿਹਾਸਕ ਗਰੁਧਾਮ ‘ਤੇ ਕੀਤੇ ਹਮਲੇ ਦਾ ਬਿਰਤਾਂਤ:

“4 ਜੂਨ ਨੂੰ ਲੱਗਭਗ 4 ਵੱਜ ਕੇ 40 ਮਿੰਟ ‘ਤੇ ਇੰਨੀ ਜਬਰਦਸਤ ਫਾਇਰਿੰਗ ਸ਼ੁਰੂ ਹੋਈ, ਮੇਰੇ ਦੇਖਦਿਆਂ-ਦੇਖਦਿਆਂ ਹੀ ਬਾਰਾਂਦਰੀ ‘ਚੋਂ ਲਾਟਾਂ ਨਿਕਲਣ ਲੱਗ ਪਈਆਂ। ਉਸ ਅੱਗ ਦੀ ਲਪੇਟ ਵਿੱਚ ਅਣਗਿਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ। ਨਿਸ਼ਾਨ ਸਾਹਿਬ ਵੀ ਵਿੰਗਾ ਹੋ ਗਿਆ। ਫਿਰ ਸਾਨੂੰ ਗ੍ਰਿਫਤਾਰ ਕਰ ਕੇ ਲੈ ਗਏ। ਮੈਂ ਉਸ ਸਮੇਂ ਡਿਊਟੀ ‘ਤੇ ਮੌਜੂਦ ਸੀ। ਮੈਂ ਭਾਈ ਬਹਾਦਰ ਸਿੰਘ ਨੂੰ ਤੁਰਨ ਲੱਗਿਆਂ ਪੁੱਛਿਆ, ਬਾਈ ਜੀ ਉੱਥੇ ਕਿੰਨੇ ਕੁ ਵਿਅਕਤੀ ਮਰੇ ਹੋਣਗੇ? ਉਹ ਕਹਿੰਦੇ, ਗਿਆਰਾਂ ਯਾਤਰੂ, ਇੱਕ ਬੀਬੀ, ਇੱਕ ਦਰਬਾਰ ਸਾਹਿਬ ਦਾ ਸਟੋਰਕੀਪਰ ਸ. ਬਲਦੇਵ ਸਿੰਘ। ਕੁੱਲ 13 ਵਿਅਕਤੀ ਗੋਲਾਬਾਰੀ ਵਿੱਚ ਮਾਰੇ ਗਏ।”

“ਠੀਕ ਸਵੇਰੇ 3 ਵੱਜ ਕੇ 40 ਮਿੰਟ ‘ਤੇ 3-4 ਨੰਬਰ ਗੇਟ, ਜੋ ਗੁਰਦੁਆਰਾ ਤੰਬੂ ਸਾਹਿਬ ਵੱਲ ਸਰੋਵਰ ਦੇ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਦੀ ਸੇਧ ਵਿੱਚ ਹੈ, ਤੋਂ ਤੋਪ ਦੇ ਗੋਲੇ ਚੱਲਣ ਲੱਗ ਪਏ। ਪਹਿਲਾ ਗੋਲਾ ਅਟਾਰੀ ਵਿੱਚ ਲੱਗਿਆ ਤੇ ਫਿਰ ਏਨੀ ਜ਼ਿਆਦਾ ਅੱਗ ਵਰ੍ਹੀ ਕਿ ਰਹੇ ਰੱਬ ਦਾ ਨਾਂ। ਪਹਿਲਾਂ ਤਾਂ ਅਟਾਰੀ ਡਿੱਗੀ, ਫਿਰ ਬਾਰਾਂਦਰੀ ਤੇ ਕਾਊਂਟਰ ਤੇ ਫਿਰ ਗੁਰਦੁਆਰਾ ਸਾਹਿਬ ਵਿੱਚ ਗੋਲੇ ਵੱਜਣ ਲੱਗੇ। ਗੋਲੇ ਇਹੋ ਜਿਹੇ ਸਨ ਜਿਨ੍ਹਾਂ ਨਾਲ ਬਾਰਾਂਦਰੀ ਤੇ ਗਾਡਰ ਵੀ ਪਿਘਲ ਗਏ।”

“ਪਿੰਡ ਮੌਜੇਵਾਲਾ ਦਾ ਇੱਕ ਸੱਠ ਸਾਲ ਦਾ ਬਜ਼ੁਰਗ ਸ. ਗੁਰਦੀਪ ਸਿੰਘ ਗੁਰਪੁਰਬ ‘ਤੇ ਆਇਆ ਸੀ। ਉਸ ਦੀ ਕੱਛ ਵਿੱਚ ਝੋਲਾ ਸੀ। ਸਿਪਾਹੀਆਂ ਨੇ ਉਸ ਨੂੰ ਹੈਂਡਜ਼-ਅੱਪ ਕਰਨ ਲਈ ਕਿਹਾ। ਉਸ ਬਾਬੇ ਨੂੰ ਪਹਿਲਾਂ ਤਾਂ ਸਮਝ ਨਾ ਪਿਆ ਪਰ ਕਿਸੇ ਦਾ ਇਸ਼ਾਰਾ ਸਮਝ ਕੇ ਜਦ ਉਹ ਹੱਥ ਉੱਪਰ ਕਰਨ ਲੱਗਾ ਤਾਂ ਉਸ ਦੀ ਕੱਛ ਵਿੱਚੋਂ ਝੋਲਾ ਡਿੱਗਣ ਲੱਗਾ ਤਾਂ ਉਸ ਨੇ ਝੱਟ ਝੋਲੇ ਨੂੰ ਫੜਨ ਲਈ ਦੂਜਾ ਹੱਥ ਕੀਤਾ। ਫੌਜੀਆਂ ਨੂੰ ਸ਼ਾਇਦ ਲੱਗਿਆ ਕਿ ਇਹ ਗੋਲਾ ਸੁੱਟਣ ਲੱਗਾ ਹੈ ਤਾਂ ਉਨ੍ਹਾਂ ਨੇ ਇੱਕ ਬਰਸਟ ਉਸ ਦੇ ਸਿਰ ਵਿੱਚ ਮਾਰਿਆ, ਜਿਸ ਨਾਲ ਉਸ ਦੀ ਖੋਪੜੀ ਖਿੱਲਰ ਗਈ।”

Leave a Reply

Your email address will not be published. Required fields are marked *