ਤੇ ਹੁਣ ਵੇਰਕਾ ਦੁੱਧ ਦੀ ਪੋਲ ਖੋਲ੍ਹ ਕੇ ਫਸੇ ਵਿਧਾਇਕ ਸਿਮਰਜੀਤ ਬੈਂਸ

Sharing is caring!

ਵੇਰਕਾ ਮਿਲਕ ਪਲਾਂਟ ਬਾਰੇ ਵੱਡਾ ਖੁਲਾਸਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਹੋ ਗਿਆ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਰਾਭਾ ਨਗਰ ਵਿੱਚ ਵਿਧਾਇਕ ਸਿਮਰਜੀਤ ਬੈਂਸ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵੇਰਕਾ ਦੇ ਜਨਰਲ ਮੈਨੇਜਰ ਨੇ ਉਨ੍ਹਾਂ ਖਿਲਾਫ ਪਲਾਂਟ ਵਿੱਚ ਜ਼ਬਰੀ ਵੜਨ, ਡਿਊਟੀ ਵਿੱਚ ਵਿਘਨ ਪਾਉਣ, ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਨ ਤੇ ਵੇਰਕਾ ਦਾ ਅਕਸ ਵਿਗਾੜਨ ਦੇ ਇਲਜ਼ਾਮ ਤਹਿਤ ਕੇਸ ਦਰਜ ਕਰਵਾਇਆ ਹੈ।

ਯਾਦ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ’ਤੇ ਲਿਖੀ ਹੋਈ ‘ਫੈਟ’ ਦੀ ਮਿਕਦਾਰ ਤੋਂ ਘੱਟ ਲੋਕਾਂ ਨੂੰ ਵੇਚ ਕੇ ਸਾਲਾਨਾ ਕਰੀਬ 200 ਕਰੋੜ ਦੀ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਫਿਰੋਜ਼ਪੁਰ ਰੋਡ ਸਥਿਤ ‘ਵੇਰਕਾ’ ਮਿਲਕ ਪਲਾਂਟ ’ਤੇ ਪੁੱਜ ਕੇ ਪਲਾਂਟ ਦੇ ਬਾਹਰੋਂ ਪਹਿਲਾਂ ਦੁੱਧ ਦਾ ਪੈਕੇਟ ਖ਼ਰੀਦਿਆ ਤੇ ਉਸ ਵਿੱਚ ਮੌਜੂਦ ਐਸਐਨਐਫ਼ (ਸਾਲਿਡ ਨੈੱਟ ਫੈਟ) ਦੀ ਜਾਂਚ ਮਿਲਕ ਪਲਾਂਟ ਦੇ ਹੀ ਅੰਦਰ ਬਣੀ ਲੈਬੋਰਟਰੀ ਤੋਂ ਕਰਵਾਈ।

ਵਿਧਾਇਕ ਨੇ ਇਲਜ਼ਾਮ ਲਾਇਆ ਕਿ ਜਾਂਚ ਦੌਰਾਨ ਦੁੱਧ ਵਿੱਚ ‘ਫੈਟ’ ਸਾਢੇ 4ਦੀ ਬਜਾਏ 4.1 ਤੇ ਐਸਐਨਐਫ਼ 8.5 ਦੀ ਬਜਾਏ 8.1 ਸੀ।

ਉਨ੍ਹਾਂ ਕਿਹਾ ਸੀ ਕਿ ਅੰਮ੍ਰਿਤਸਰ, ਮੁਹਾਲੀ, ਪਟਿਆਲਾ, ਬਠਿੰਡਾ, ਸੰਗਰੂਰ, ਗੁਰਦਾਸਪੁਰ, ਜਲੰਧਰ ਤੇ ਲੁਧਿਆਣਾ ਸਥਿਤ ਮਿਲਕ ਪਲਾਂਟ ਤੋਂ ਵੀ ‘ਫੈਟ’ ਚੈੱਕ ਕਰਵਾਈ ਗਈ ਹੈ ਤੇ ਇਹ ਸਭ ਥਾਂ ਇਕੋ ਜਿਹੀ ਹੀ ਹੈ। ਵਿਧਾਇਕ ਬੈਂਸ ਨੇ ਦੱਸਿਆ ਸੀ ਕਿ ਵੇਰਕਾ ਦੁੱਧ ਦੇ ਪੈਕੇਟ ’ਤੇ ਦੁੱਧ ਵਿੱਚ ਸਾਢੇ ਚਾਰ ਫੈਟ ਤੇ ਸਾਢੇ ਅੱਠ ਐਸਐਨਐਫ਼ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਦੁੱਧ ਵਿੱਚ ਤੱਤ ਘੱਟ ਮਿਲਣ ਦੇ ਸਾਰੇ ਪੁਖ਼ਤਾ ਸਬੂਤ ਤੇ ਸੈਂਪਲ ਰਿਪੋਰਟ ਉਨ੍ਹਾਂ ਕੋਲ ਮੌਜੂਦ ਹਨ।

Leave a Reply

Your email address will not be published. Required fields are marked *