Uncategorized

ਪੰਜਾਬੀ ਬੋਲਦੇ ਗੋਰੇ ਨੇ ਦੇਖੋ ਬਾਬੇ ਨਾਨਕ ਦਾ ਨਾਮ ਲੈ ਕੇ ਕੀ ਸੁਨੇਹਾ ਦਿੱਤਾ

Sharing is caring!

ਹੱਸਦੇ ਰਿਹਾ ਕਰੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਤੇ ਆਪਣੇ ਗੁਰੂਆਂ ਦੇ ਸੰਦੇਸ ਕਦੀ ਨਾ ਭੁਲਿਓ.. ਬਾਬੇ ਨਾਨਕ ਨੇ ਲੋਕਾਈ ਦੀ ਭਲਾਈ ਲਈ ਜਗਿਆਸਾ ਦਾ ਉਹ ਬੂਟਾ ਲਾਇਆ ਜੋ ਸਦਾ ਬਹਾਰ ਹੋ ਨਿਬੜਿਆ। ਬਾਬੇ ਨੇ ਇਸ ਬੂਟੇ ਨੂੰ ਆਪ ਆਪਣੇ ਕਰਮਾਂ ਨਾਲ ਸਿੰਜਿਆ। ਉਨ੍ਹਾਂ ਦੇ ਕਰਮਾਂ ਦੇ ਨਾਲ-ਨਾਲ, ਉਨ੍ਹਾਂ ਦੀ ਬਾਣੀ ਵਿਚੋਂ ਵੀ ਜਗਿਆਸੂ ਮਨੁੱਖ ਲਈ ਸੁਨੇਹਿਆਂ ਦੀ ਫੁਆਰਾਂ ਪਂੈਦੀਆਂ ਹਨ।

ਇਸ ਜਗਿਆਸਾ ਦਾ ਇਕ ਸਹਿਜ ਅਤੇ ਸਬਰ ਨਾਲ ਭਰਿਆ ਰੂਪ, ਉਨ੍ਹਾਂ ਵੱਲੋਂ ਕੀਤੀਆਂ ਉਦਾਸੀਆਂ ਹਨ। ਸ਼ਰਧਾਲੂਆਂ ਨੇ ਅੱਜ ਤੱਕ ਇਨ੍ਹਾਂ ਉਦਾਸੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਇਸ ਜਗਤ ਨੂੰ ਤਾਰਨ ਲਈ ਕੀਤੀਆਂ ਯਾਤਰਾਵਾਂ ਨਾਲ ਜੋੜ ਕੇ ਹੀ ਦੇਖਿਆ ਹੈ ਪਰ ਅਸਲ ਵਿਚ ਇਹ ਉਦਾਸੀਆਂ, ਹਰ ਤਰ੍ਹਾਂ ਦੀਆਂ ਸੀਮਾਵਾਂ ਤੋਂ ਪਾਰ ਜਾਂਦੀਆਂ ਹਨ ਜੋ ਰਾਹ ਵਿਚ ਰੁਕਾਵਟ ਬਣ ਸਕਦੀ ਹੋਣ।ਇਨ੍ਹਾਂ ਉਦਾਸੀਆਂ ਨੂੰ ਉਸ ਬਾਲ ਨਾਨਕ ਦੇ ਜਗਿਆਸੂ ਮਨ ਵਜੋਂ ਵੀ ਪੜ੍ਹਨਾ ਚਾਹੀਦਾ ਹੈ ਜਿਹੜਾ ਇਸੇ ਜਗਿਆਸਾ ਦੇ ਆਧਾਰ ‘ਤੇ ਮੁੱਢ ਤੋਂ ਹੀ ਹਰ ਸ਼ੈਅ ਅਤੇ ਸ਼ਖਸ ਨਾਲ ਆਢਾ ਲਾਉਂਦਾ ਹੈ। ਇਹ ਜਗਿਆਸਾ ਹੀ ਬਾਬੇ ਨਾਨਕ ਨੂੰ ਸਿੱਧਾਂ ਨਾਲ ਗੋਸ਼ਟ ਕਰਨ ਲਾਉਂਦੀ ਹੈ। ਉਹ ਜਿੱਥੇ ਕਿਤੇ ਵੀ ਜਾਂਦੇ ਹਨ, ਸੰਵਾਦ ਰਚਾਉਂਦੇ ਹਨ। ਜਿਨ੍ਹਾਂ ਨਾਲ ਵੀ ਸੰਵਾਦ ਰਚਾਉਂਦੇ ਹਨ, ਉਹ ਭਾਵੇਂ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਹੀ ਹਨ, ਆਖਰਕਾਰ ਉਨ੍ਹਾਂ ਦੇ ਸਿੱਖ/ਸੇਵਕ ਬਣ ਜਾਂਦੇ ਹਨ। ਇਹ ਜਗਿਆਸਾ ਦੀ ਜਿੱਤ ਹੀ ਨਹੀਂ, ਵਿਚਾਰਾਂ ਦੀ ਬੁਲੰਦੀ ਵੀ ਹੈ। ਇਨ੍ਹਾਂ ਵਿਚਾਰਾਂ ਵਿਚ ਵਿਹਾਰ ਵਾਲਾ ਪੱਖ ਬਹੁਤ ਬੁਲੰਦ ਹੈ। ਕੋਈ ਵੀ ਕਰਮ ਅਤੇ ਕੋਈ ਵੀ ਸ਼ੈਅ ਬੰਦੇ ਦੀ ਪਹੁੰਚ ਤੋਂ ਬਾਹਰ ਨਹੀਂ ਜਾਪਦੇ; ਇਸੇ ਕਰ ਕੇ ਹਰ ਬੰਦਾ ਇਸ ਵਿਹਾਰ ਵੱਲ ਖਿੱਚਿਆ ਚਲਿਆ ਆਉਂਦਾ ਹੈ।

ਇਹ ਉਹੀ ਵਿਹਾਰ ਹੈ ਜਿਹੜਾ ਆਮ ਬੰਦੇ ਦੇ ਹਿਤ ਵਿਚ ਹੈ। ਜ਼ਿੰਦਗੀ ਦੀਆਂ ਸਾਰੀਆਂ ਲੜੀਆਂ ਇਸੇ ਇਕ ਹਿਤ ਅਤੇ ਹਕੀਕਤ ਵਿਚ ਪੀਡੀਆਂ ਪਰੋਈਆਂ ਹੋਈਆਂ ਹਨ। ਇਸੇ ਕਰ ਕੇ ਹੀ ਅਗਾਂਹ ਤੋਂ ਅਗਾਂਹ ਪੰਥ ਲਈ ਰਾਹ ਬਣਦਾ ਜਾਂਦਾ ਹੈ। ਬੱਸ, ਇਹੀ ਵਿਹਾਰਾਂ ਅਤੇ ਵਿਚਾਰਾਂ ਦੀ ਬੁਲੰਦੀ ਹੈ। ਕਿਤੇ ਕੋਈ ਖਲਲ ਨਹੀਂ, ਕਿਤੇ ਕੋਈ ਭਾਵੁਕਤਾ ਵੀ ਨਹੀਂ। ਭਾਵੁਕਤਾ ਤਾਂ ਬਹੁਤ ਜਲਦ ਆਪਣਾ ਰਾਹ ਵਿਸ਼ਵਾਸ ਵੱਲ ਮੋੜ ਲੈਂਦੀ ਹੈ ਜੋ ਛੇਤੀ ਹੀ ਤਿੱਖਾ ਮੋੜਾ ਕੱਟ ਕੇ ਪੂਜਾ ਵੱਲ ਤੁਰ ਪੈਂਦਾ ਹੈ ਪਰ ਗੁਰੂ ਨਾਨਕ ਦੇਵ ਜੀ ਬੌਧਿਕਤਾ ਨੂੰ ਬੁਲੰਦੀ ‘ਤੇ ਲੈ ਕੇ ਜਾਂਦੇ ਹਨ। ਇਕ ਵਾਰ ਬੌਧਿਕਤਾ ਦੇ ਪਠਾਰ ਉਤੇ ਪੁੱਜ ਕੇ ਬੰਦਾ ਹਰ ਪਾਸੇ ਵੱਲ ਪਰਵਾਜ਼ ਭਰਨ ਜੋਗਾ ਹੋ ਸਕਦਾ ਹੈ। ਪਠਾਰ, ਪਹਾੜੀ ਟੀਸੀ ਦੀ ਉਹ ਥਾਂ ਹੈ ਜਿਹੜੀ ਮੈਦਾਨ ਵਾਂਗ ਹੁੰਦੀ ਹੈ। ਪਠਾਰ ‘ਤੇ ਪੁੱਜਣ ਦਾ ਮਤਲਬ ਪਰਵਾਜ਼ ਲਈ ਪਰ ਤੋਲਣੇ ਹਨ। ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਬੰਦੇ ਨੂੰ ਇਸ ਪਠਾਰ ਦੇ ਰਾਹ ਵੱਲ ਤੋਰਦੇ ਹਨ। ਉਹ ਪੂਜਾ ਦੀ ਥਾਂ ਪਹਿਲ ਨੂੰ ਅੱਗੇ ਰੱਖਦੇ ਹਨ। ਇਹੀ ਪਹਿਲ ਫਿਰ ਝਬਦੇ ਹੀ ਪਰਵਾਜ਼ ਵਿਚ ਵਟ ਜਾਂਦੀ ਹੈ। ਇਸ ਪਰਵਾਜ਼ ਕਰ ਕੇ ਹੀ ਬਾਬਾ ਨਾਨਕ ਦਿਆਲੂ ਪਿੰਡ ਵਾਸੀਆਂ ਨੂੰ ਉਜੜ ਜਾਣ ਅਤੇ ਉਜੱਡ ਪਿੰਡ ਵਾਸੀਆਂ ਨੂੰ ਵਸੇ ਰਹਿਣ ਦੀ ਅਸੀਸ ਦਿੰਦੇ ਹਨ। ਉਜੜਨ ਵਾਲੇ ਜਿਥੇ ਜਾਣਗੇ, ਦਿਆਲਤਾ ਦਾ ਹੀ ਛੱਟਾ ਦੇਣਗੇ!

ਇਹ ਬਾਬੇ ਨਾਨਕ ਦਾ ਸੁਨੇਹਾ ਹੈ ਜਿਹੜਾ ਉਨ੍ਹਾਂ ਪੰਜ ਸਦੀਆਂ ਪਹਿਲਾਂ ਦਿੱਤਾ ਸੀ। ਇਸ ਸੁਨੇਹੇ ਵਿਚ ਨਿਆਰੀ ਅਤੇ ਨਿਰਮਲ ਦੁਨੀਆਂ ਦੇ ਸੁਪਨੇ ਸਮੋਏ ਹੋਏ ਹਨ। ਇਸੇ ਨਿਆਰੇਪਣ ਅਤੇ ਨਿਰਮਲਤਾ ਲਈ ਉਨ੍ਹਾਂ ‘ਰਾਜੇ ਸੀਹ ਮੁਕਦਮ ਕੁਤੇ’ ਦਾ ਹੋਕਰਾ ਮਾਰਿਆ। ਇਸ ਸੁਨੇਹੇ ਦਾ ਅੱਜ ਦੀ ਦੁਨੀਆਂ ਨਾਲ ਕੀ ਪ੍ਰਸੰਗ ਬਣਦਾ ਹੈ? ਅੱਜ ਜਿਸ ਪਾਸੇ ਵੀ ਨਿਗ੍ਹਾ ਮਾਰੋ, ਰਾਜੇ ਅਤੇ ਮੁਕਦਮ (ਮੁਲਾਜ਼ਮ) ਸਭ ਜਾਨਵਰਾਂ ਦਾ ਰੂਪ ਵਟਾ ਚੁੱਕੇ ਹਨ। ਤਿੰਨ ਦਹਾਕੇ ਪਹਿਲਾਂ ਨਵੰਬਰ 84 ਵਾਪਰਦਾ ਹੈ, ਜਾਨਾਂ ਦਾ ਘਾਣ ਹੁੰਦਾ ਹੈ। 2002 ਵਿਚ ਗੁਜਰਾਤ ਵਿਚ ਗੋਧਰਾ ਅੱਖਾਂ ਵਿਚ ਰੋੜ ਵਾਂਗ ਵੱਜਦਾ ਹੈ, ਜਿੰਦਾਂ ਤੜਫਦੀਆਂ ਹਨ। ਬਾਬਰ ਦੇ ਹਮਲੇ ਸਮੇਂ ਰੱਈਅਤ ਉਤੇ ਹੋਏ ਜ਼ੁਲਮਾਂ ਦੇ ਇਸੇ ਦਰਦ ਵਿਚੋਂ ਬਾਬੇ ਨਾਨਕ ਨੇ ਅਕਾਲ ਪੁਰਖ ਨੂੰ ਨਿਹੋਰਾ ਦਿੱਤਾ ਸੀ, ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ।

ਅੱਜ ਫਿਰ ਉਹੀ ਕੁਝ ਵਾਪਰ ਰਿਹਾ ਹੈ। ਰੱਈਅਤ ਦੇ ਆਗੂ ਵੱਖ-ਵੱਖ ਚਿਹਰਿਆਂ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ ਅਤੇ ਸਿਆਸਤ ਦੇ ਪਹੀਏ ਗੇੜ ਰਹੇ ਹਨ। ਸਿਆਸਤ ਦੇ ਇਹ ਪਹੀਏ ਆਵਾਮ ਨੂੰ ਕਿਤੇ ਲੈ ਕੇ ਨਹੀਂ ਜਾ ਰਹੇ, ਸਗੋਂ ਚੱਕੀ ਦੇ ਭਾਰੇ ਪੁੜ ਬਣ ਕੇ ਆਵਾਮ ਨੂੰ ਪੀਹ/ਦਰੜ ਰਹੇ ਹਨ। ਇਕ ਵਾਰ ਤਾਂ ਜਾਪਦਾ ਹੈ ਕਿ ਬਾਬੇ ਨਾਨਕ ਦੀ ਅਸੀਸ ਦੇ ਉਲਟ, ਉਜੱਡ ਪਿੰਡ ਵਾਸੀ ਹੀ ਚਾਰੇ ਪਾਸੇ ਫੈਲ ਗਏ ਹਨ ਅਤੇ ਚੰਮ ਦੀਆਂ ਚਲਾ ਰਹੇ ਹਨ। ਉਜੜ ਜਾਣ ਦੀ ਅਸੀਸ ਲੈਣ ਵਾਲੇ ਅਤੇ ਦਿਆਲਤਾ ਦਾ ਛੱਟਾ ਦੇਣ ਵਾਲੇ ਲੋਕ ਹਾਸ਼ੀਏ ਉਤੇ ਧੱਕ ਦਿੱਤੇ ਗਏ ਹਨ। ‘ਨਾਮੁ ਖਸਮ ਕਾ ਚਿਤਿ ਨ ਕੀਤਾ ਕਪਟੀ ਕਪਟੁ ਕਮਾਣਾ॥’ ਭਾਵ ਇਹ ਫਰੇਬੀ ਲੋਕ ਰੱਬ ਦਾ ਨਾਂ ਹੀ ਭੁੱਲ ਗਏ ਹਨ ਅਤੇ ਇਨ੍ਹਾਂ ਦਾ ਕਰਮ ਹੁਣ ਫਰੇਬ ਹੀ ਰਹਿ ਗਿਆ ਹੈ।

ਇਸ ਦੁਨੀਆਂ ਬਾਰੇ ਹੀ ਗੁਰੂ ਨਾਨਕ ਦੇਵ ਜੀ ਪਤੇ ਦੀ ਗੱਲ ਕਰਦੇ ਹਨ, ‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਇਸ ਦੁਨੀਆਂ ਨੇ ਤਾਂ ਇਸੇ ਤਰ੍ਹਾਂ ਚਲਦੀ ਹੀ ਰਹਿਣਾ ਹੈ, ਇਸ ਵਿਚ ਬੰਦੇ ਨੂੰ ਸਦਾ ਕੁਝ ਸੁਣਦੇ ਅਤੇ ਕੁਝ ਕਹਿੰਦੇ ਰਹਿਣਾ ਚਾਹੀਦਾ ਹੈ। ਇਸ ਬਾਰੇ ਉਸੇ ਤਰ੍ਹਾਂ ਦਾ ਸੰਵਾਦ ਰਚਾਉਣ ਦੀ ਲੋੜ ਹੈ ਜਿਹੜਾ ਸਾਨੂੰ ਬਾਬੇ ਨਾਨਕ ਨੇ ਸਿਖਾਇਆ ਹੈ। ਇਸ ਸੰਵਾਦ ਦੀ ਕੋਈ ਸੀਮਾ ਨਹੀਂ ਹੈ। ਬਾਬੇ ਨਾਨਕ ਨਾਲ ਸਬੰਧਤ ਹਰ ਸਾਖੀ ਵਿਚ ਭਾਂਤ-ਸੁਭਾਂਤ ਦੇ ਸੁਭਾਅ ਵਾਲੇ ਬੰਦਿਆਂ ਦੇ ਵਿਹਾਰ ਅਤੇ ਰਵੱਈਏ ਬਾਰੇ ਚਰਚਾ ਹੈ। ਅਜਿਹੇ ਬੰਦਿਆਂ ਵੱਲ ਬਾਬੇ ਨਾਨਕ ਦਾ ਆਪਣਾ ਰਵੱਈਆ ਵੀ ਇਨ੍ਹਾਂ ਸਾਖੀਆਂ ਵਿਚੋਂ ਥਾਂ-ਥਾਂ ਝਾਤੀਆਂ ਮਾਰਦਾ ਹੈ। ਇਹ ਰਵੱਈਆ ਹੀ ਸਿੱਖੀ ਦੀ ਜਾਚ ਹੈ ਜਿਸ ਦਾ ਬੂਟਾ ਬਾਬਾ ਨਾਨਕ ਖੁਦ ਲਾ ਰਹੇ ਹਨ ਅਤੇ ਖੁਦ ਹੀ ਇਸ ਨੂੰ ਸਿੰਜ ਵੀ ਰਹੇ ਹਨ। ਕਾਰ-ਵਿਹਾਰ ਅਤੇ ਰਵੱਈਆ ਇਕ-ਮਿਕ ਹਨ। ਫਰਕ ਦੀ ਕਿਤੇ ਕੋਈ ਗੁੰਜਾਇਸ਼ ਨਹੀਂ ਹੈ। ਉਹ ਇਸ ਖਲਜਗਣ ਤੋਂ ਪਾਰ ਹਨ। ਇਹੀ ਨਿਰਮਲਤਾ ਹੈ, ਇਹੀ ਨਿਆਰਾਪਣ ਹੈ ਜੋ ਸਿੱਖੀ ਦਾ ਸੱਚ ਹੈ; ਜਿਸ ਦੀ ਅਸੀਸ ਬਾਬੇ ਨਾਨਕ ਨੇ ਸਦੀਆਂ ਪਹਿਲਾਂ ਦਿੱਤੀ ਸੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>