Uncategorized

ਬਿਨਾ ਬਾਹਾਂ ਦੇ ਜਿੱਤੀ ਜਿੰਦਗੀ ਦੀ ਜੰਗ ਓਹਨਾ ਵੀਰਾਂ ਤੱਕ ਪੁੱਜਦੀ ਕਰ ਦਵੋ ਜੋ ਜਿੰਦਗੀ ਚ ਹਾਰ ਮਨ ਕੇ ਖ਼ੁਦਕੁਸ਼ੀ ਕਰਨ ਬਾਰੇ ਸੋਚਦੇ ਨੇ

Sharing is caring!

ਮੈਂ ਕੋਈ ਵੀ ਕੰਮ ਕਰਨਾ ਸਿੱਖਿਆ ਤਾਂ ਉਹ ਰਾਤ ਨੂੰ ਸਿੱਖਿਆ, ਕਿਉਂਕਿ ਉੱਥੇ ਮੈਨੂੰ ਕੋਈ ਇਹ ਕਹਿਣ ਵਾਲਾ ਨਹੀਂ ਹੁੰਦਾ, ਕਿ ਤੂੰ ਇਹ ਕਰ ਨਹੀਂ ਸਕਦਾ।’ ਪਟਿਆਲਾ ਜ਼ਿਲ੍ਹੇ ਦੇ ਕਸਬੇ ਪਾਤੜਾਂ ਦੇ ਵਸਨੀਕ ਜਗਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ‘ਅਧੂਰਾ’ ਸਮਝਣ ਵਾਲਿਆਂ ਦੇ ਮੂੰਹ ਬੰਦ ਹੋ ਗਏ। 27 ਸਾਲਾ ਜਗਵਿੰਦਰ ਸਿੰਘ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਹਨ। ਬਾਵਜੂਦ ਇਸਦੇ ਇਸ ਨੌਜਵਾਨ ਦਾ ਹੌਂਸਲਾ ਅਤੇ ਜਨੂੰਨ ਅਜਿਹਾ ਕਿ ਚੰਗੇ-ਚੰਗੇ ਹੈਰਾਨ ਰਹਿ ਜਾਣ। ਜਦੋਂ ਜਗਵਿੰਦਰ ਨੇ ਸੁਰਤ ਸੰਭਾਲੀ ਤਾਂ ਉਸ ਦਾ ਬਾਕੀ ਬੱਚਿਆਂ ਵਾਂਗ ਹੱਸਣ-ਖੇਡਣ ਅਤੇ ਮਸਤੀ ਕਰਨ ਦਾ ਜੀ ਕਰਦਾ ਸੀ।ਦੂਜੇ ਬੱਚਿਆਂ ਨੂੰ ਸਾਈਕਲ ਚਲਾਉਂਦੇ ਦੇਖਦੇ ਤਾਂ ਉਨ੍ਹਾਂ ਦਾ ਵੀ ਮਨ ਕਰਦਾ ਕਿ ਉਹ ਇਸ ਦੀ ਸਵਾਰੀ ਕਰੇ। ਜਦੋਂ ਕਦੇ ਉਹ ਸਾਈਕਲ ਫੜਦੇ ਤਾਂ ਹੱਲਾਸ਼ੇਰੀ ਤਾਂ ਕੀ ਮਿਲਣੀ ਸੀ ਸਗੋਂ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਜਗਵਿੰਦਰ ਮੁਤਾਬਕ, ”ਮੈਨੂੰ ਸਾਈਕਲ ਚਲਾਉਂਦੇ ਦੇਖ ਕੇ ਕਈ ਲੋਕ ਮਜ਼ਾਕ ਕਰਦੇ ਸਨ। ਉਹ ਕਹਿੰਦੇ ਕਿ ਤੇਰੇ ਤਾਂ ਹੱਥ ਹੀ ਨਹੀਂ ਹਨ।” ਲੋਕਾਂ ਦੀਆਂ ਅਜਿਹੀਆਂ ਗੱਲਾਂ ਨੂੰ ਜਗਵਿੰਦਰ ਨੇ ਆਪਣੀ ਚੁਣੌਤੀ ਬਣਾਇਆ।ਮੁਹੱਲੇ ਦਾ ਇਹ ਮੁੰਡਾ ਅੱਜ ਸੂਬਾਈ ਤੇ ਕੌਮੀ ਮੁਕਾਬਲਿਆਂ ਦਾ ‘ਸੁਪਰ ਸਿੰਘ’ ਬਣ ਗਿਆ ਹੈ। ਜਗਵਿੰਦਰ ਦੇ ਦਿਨ ਦੀ ਸ਼ੁਰੂਆਤ ਸੂਰਜ ਉੱਗਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ। ਇੱਕ ਪੇਸ਼ੇਵਰ ਸਾਈਕਲਿਸਟ ਵਾਂਗ ਤਿਆਰ ਹੋ ਕੇ ਪ੍ਰੈਕਟਿਸ ਲਈ ਜਗਵਿੰਦਰ ਹਰ ਰੋਜ਼ ਕਈ ਕਿਲੋਮੀਟਰ ਦੂਰ ਨਿਕਲ ਜਾਂਦੇ ਹੈ। ਸਾਈਕਲਿੰਗ ਦੀ ਪ੍ਰੈਕਟਿਸ ਤੋਂ ਬਾਅਦ ਜਿਮ ਵਿੱਚ ਪਸੀਨਾ ਵਹਾਉਣ ਦੀ ਵਾਰੀ ਆਉਂਦੀ ਹੈ। ਜੌਗਿੰਗ, ਵੇਟਲਿਫਟਿੰਗ ਵਰਗੀਆਂ ਕਸਰਤਾਂ ਕਰਕੇ ਉਹ ਹਰ ਹਾਲ ਵਿੱਚ ਖ਼ੁਦ ਨੂੰ ਫਿਟ ਰੱਖਦੇ ਹਨ। ਸਖ਼ਤ ਮਿਹਨਤ ਦਾ ਫਲ ਮਿੱਠਾ ਹੀ ਹੁੰਦਾ ਹੈ ਜਗਵਿੰਦਰ ਦੀ ਮਿਹਨਤ ਹੀ ਹੈ ਕਿ ਉਨ੍ਹਾਂ ਨੇ ਹੁਣ ਤੱਕ ਸੂਬਾ ਅਤੇ ਕੌਮੀ ਪੱਧਰ ‘ਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਤੇ ਜੇਤੂ ਰਹੇ । ਉਨ੍ਹਾਂ ਨੇ ਸਾਈਕਲਿੰਗ ਮੁਕਾਬਲੇ ਵਿੱਚ ਸੂਬਾ ਪੱਧਰ ‘ਤੇ ਗੋਲਡ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਬਰੇਵੇ ਵਿੱਚ ਹਿੱਸਾ ਲਿਆ ਹੈ। ਬਰੇਵੇ ਦਾ ਮਤਲਬ ਹੈ ਲੌਂਗ ਡਰਾਈਵ ਸਾਈਕਲਿੰਗ।ਇਸ ਵਿੱਚ ਤਕਰੀਬਨ 300 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਹੁੰਦਾ ਹੈ। ਜਗਵਿੰਦਰ ਨੇ ਦੂਜੇ ਸੂਬਿਆਂ ਵਿੱਚ ਹੋਏ ਈਵੈਂਟਸ ਵਿੱਚ ਵੀ ਹਿੱਸਾ ਲਿਆ ਹੈ। ਉਨ੍ਹਾਂ ਓਡੀਸ਼ਾ ਵਿੱਚ ਕਰਵਾਈ ਗਈ ਕੋਣਾਰਕ ਇੰਟਰਨੈਸ਼ਨਲ ਸਾਈਕਲੋਥੋਨ ਵਿੱਚ ਵੀ ਹਿੱਸਾ ਲਿਆ ਹੈ। ਉਨ੍ਹਾਂ ਦੇ ਘਰ ਦੀ ਬੈਠਕ ਵਿੱਚ ਦਾਖਲ ਹੁੰਦਿਆਂ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ, ਸਾਬਕਾ ਰਾਜਪਾਲ ਸਮੇਤ ਕਈ ਨਾਮੀ ਲੋਕਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨ।ਜਿੱਤੀਆਂ ਗਈਆਂ ਟਰਾਫੀਆਂ ਦੇ ਵਿਚਾਲੇ ਉਨ੍ਹਾਂ ਦੀ ਇੱਕ ਤਸਵੀਰ ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨਾਲ ਵੀ ਨਜ਼ਰ ਆਉਂਦੀ ਹੈ। ਜਗਵਿੰਦਰ ਨੂੰ ਸਾਈਕਲਿੰਗ ਤੋਂ ਇਲਾਵਾ ਡਰਾਇੰਗ ਦਾ ਬੇਹੱਦ ਸ਼ੌਕ ਹੈ। ਸਾਈਕਲਿੰਗ ਅਤੇ ਡਰਾਇੰਗ ਵਿੱਚ ਉਨ੍ਹਾਂ ਨੇ ਹੁਣ ਤੱਕ ਡੇਢ ਦਰਜਨ ਤੋਂ ਵੱਧ ਇਨਾਮ ਹਾਸਲ ਕੀਤੇ ਹਨ ਕਿਵੇਂ ਪਿਆ ਡਰਾਇੰਗ ਦਾ ਸ਼ੌਕ? ਇਸ ਸ਼ੌਕ ਪਿੱਛੇ ਵੀ ਜਗਵਿੰਦਰ ਦੇ ਇੱਕ ਸੰਘਰਸ਼ ਦੀ ਕਹਾਣੀ ਹੈ। ਸਕੂਲ ਵਿੱਚ ਪੜ੍ਹਨ ਲਈ ਜਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਦੀ ਮਾਂ ਅਮਰਜੀਤ ਕੌਰ ਨੇ ਕਈ ਸਕੂਲਾਂ ਦੇ ਚੱਕਰ ਕੱਟੇ। ਉਨ੍ਹਾਂ ਨੂੰ ਕੋਈ ਸਕੂਲ ਦਾਖਲਾ ਦੇਣ ਲਈ ਤਿਆਰ ਨਹੀਂ ਹੋਇਆ।ਜਗਵਿੰਦਰ ਕਹਿੰਦੇ ਹਨ, ”ਜਦੋਂ ਤੱਕ ਮੈਨੂੰ ਦਾਖਲਾ ਨਹੀਂ ਮਿਲਿਆ ਉਦੋਂ ਤੱਕ ਮੇਰੀ ਮਾਂ ਨੇ ਮੈਨੂੰ ਪੈਰਾਂ ਨਾਲ ਲਿਖਣਾ ਸਿਖਾਇਆ।”ਹਾਲਾਂਕਿ ਕੁਝ ਸਮੇਂ ਬਾਅਦ ਸ਼ਹਿਰ ਦਾ ਇੱਕ ਸਕੂਲ ਦਾਖਲਾ ਦੇਣ ਲਈ ਰਾਜ਼ੀ ਹੋ ਗਿਆ। ਪੇਂਟਿੰਗ ਅਤੇ ਚਿੱਤਰਕਾਰੀ ਦਾ ਸ਼ੌਕ ਜਗਵਿੰਦਰ ਨੂੰ ਸ਼ੁਰੂ ਤੋਂ ਹੀ ਸੀ। ਜਗਵਿੰਦਰ ਸਿੰਘ ਦੇ ਪਿਤਾ ਦਾ ਬੁਟੀਕ ਹੈ। ਦੁਕਾਨ ‘ਤੇ ਸਿਲਾਈ ਕਢਾਈ ਦਾ ਕੰਮ ਹੁੰਦੇ ਦੇਖ ਜਗਵਿੰਦਰ ਦੀ ਇਸ ਵਿੱਚ ਦਿਲਚਸਪੀ ਜਾਗੀ। ਹੁਣ ਮੁਸ਼ਕਿਲ ਇਹ ਸੀ ਕਿ ਹੱਥਾਂ ਤੋਂ ਸੱਖਣਾ ਇਹ ਨੌਜਵਾਨ ਆਪਣੇ ਸ਼ੌਕ ਨੂੰ ਕਿਵੇਂ ਪੂਰਾ ਕਰੇ।ਫਿਰ ਕੰਮ ਆਈ ਮਾਂ ਵੱਲੋਂ ਪੈਰਾਂ ਨਾਲ ਲਿਖਣ ਦੀ ਦਿੱਤੀ ਗਈ ਟਰੇਨਿੰਗ।ਫ਼ਿਰ ਹੁਨਰ ਅਜਿਹਾ ਨਿਖਰਿਆ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਜਗਵਿੰਦਰ ਸਿੰਘ ਟੌਪ ਕਰਨ ਲੱਗੇ। ਜਿਹੜੇ ਸਕੂਲ ਨੇ ਬੜਾ ਸੋਚ-ਵਿਚਾਰ ਕੇ ਦਾਖਲਾ ਦਿੱਤਾ ਸੀ ਉਸੇ ਸਕੂਲ ਵੱਲੋਂ ਜਗਵਿੰਦਰ ਨੇ ਕਈ ਇਨਾਮ ਜਿੱਤੇ। ਹੁਨਰ ਦੀ ਕਦਰ ਅਜਿਹੀ ਪਈ ਕਿ ਉਹ ਡਰਾਇੰਗ ਟੀਚਰ ਵਜੋਂ ਬੱਚਿਆਂ ਨੂੰ ਟਰੇਨ ਕਰਨ ਲੱਗੇ। ਬੀਬੀਸੀ ਪੰਜਾਬੀ ਦਾ ਲੋਗੋ ਵੀ ਜਗਵਿੰਦਰ ਸਿੰਘ ਨੇ ਬੜੇ ਮਨ ਨਾਲ ਬਣਾਇਆ। ਕਿਵੇਂ ਦਾ ਹੁੰਦਾ ਹੈ ਲੋਕਾਂ ਦਾ ਵਤੀਰਾ? ਸਾਈਕਲਿੰਗ ਹੋਵੇ ਜਾਂ ਡਰਾਇੰਗ ਜਗਵਿੰਦਰ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਕਈ ਚੰਗੇ-ਮਾੜੇ ਤਜਰਬੇ ਹੋਏ ਹਨ। ਉਨ੍ਹਾਂ ਮੁਤਾਬਕ ਉਹ ਸੜਕ ‘ਤੇ ਉੱਤਰਦੇ ਹਨ ਤਾਂ ਲੋਕ ਉਨ੍ਹਾਂ ਨੂੰ ਹੈਰਾਨੀ ਨਾਲ ਦੇਖਦੇ ਹਨ।ਇੱਕ ਤਜਰਬਾ ਸਾਂਝਾ ਕਰਦੇ ਹੋਏ ਦੱਸਦੇ ਹਨ, ਇੱਕ ਵਾਰ ਮੈਨੂੰ ਇੱਕ ਬਸ ਵਾਲਾ ਫੇਟ ਮਾਰ ਗਿਆ। ਮੈਂ ਕਾਫ਼ੀ ਦੇਰ ਤੱਕ ਜ਼ਖਮੀ ਹਾਲਤ ਵਿੱਚ ਸੜਕ ਦੇ ਕਿਨਾਰੇ ਬੈਠਾ ਰਿਹਾ ਪਰ ਕਿਸੇ ਨੇ ਮਦਦ ਨਹੀਂ ਕੀਤੀ।”ਜਗਵਿੰਦਰ ਅੱਗੇ ਕਹਿੰਦੇ ਹਨ ਕਿ ਸੜਕ ‘ਤੇ ਜ਼ਿਆਦਾਤਰ ਲੋਕਾਂ ਦੀ ਗਲਤੀ ਹੁੰਦੀ ਹੈ ਪਰ ਆਪਣੀ ਗਲਤੀ ਨੂੰ ਮਹਿਸੂਸ ਕਰਨ ਦੀ ਥਾਂ ਲੋਕ ਕਹਿ ਕੇ ਚਲੇ ਜਾਂਦੇ ਹਨ ਕਿ ਹੱਥ ਨਹੀਂ ਹਨ ਤਾਂ ਕਿਉਂ ਸੜਕ ‘ਤੇ ਉੱਤਰਦਾ ਹੈ। ‘ਇਸ ਨਾਲੋਂ ਚੰਗਾ ਤਾਂ ਮੈਂ ਖੁਦਕੁਸ਼ੀ ਕਰ ਲਵਾਂ’ਜਗਵਿੰਦਰ ਦੀ ਉਮਰ 27 ਸਾਲ ਹੋ ਗਈ ਹੈ। ਕੁਝ ਸਮਾਂ ਪਹਿਲਾਂ ਵਿਆਹ ਨੂੰ ਲੈ ਕੇ ਹੋਏ ਇੱਕ ਤਜਰਬੇ ਨੂੰ ਉਨ੍ਹਾਂ ਨੇ ਸਾਂਝਾ ਕੀਤਾ। ਪਰਿਵਾਰ ਦੀ ਜਾਣ ਪਛਾਣ ਵਿੱਚੋਂ ਹੀ ਇੱਕ ਕੁੜੀ ਨੇ ਜਗਵਿੰਦਰ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਜਗਵਿੰਦਰ ਮੁਤਾਬਕ ਉਸ ਕੁੜੀ ਨੂੰ ਉਨ੍ਹਾਂ ਦੇ ਹੱਥ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ।ਜਗਵਿੰਦਰ ਮੁਤਾਬਕ, ”ਉਸ ਕੁੜੀ ਨੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸਦੇ ਮਾਪੇ ਅਤੇ ਰਿਸ਼ਤੇਦਾਰ ਉਸਦੇ ਖ਼ਿਲਾਫ਼ ਹੋ ਗਏ। ਉਨ੍ਹਾਂ ਕਿਹਾ ਕਿ ਤੂੰ ਅਪਾਹਿਜ ਨਹੀਂ ਹੈ ਪਰ ਫ਼ਿਰ ਵੀ ਇੱਕ ਅਪਾਹਿਜ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈਂ, ਅਸੀਂ ਸਮਾਜ ਨੂੰ ਕੀ ਮੂੰਹ ਦਿਖਾਵਾਂਗੇ।”ਉਹ ਅੱਗੇ ਦੱਸਦੇ ਹਨ ਕਿ ਇਸੇ ਤਰ੍ਹਾਂ ਇੱਕ ਕੁੜੀ ਦੇ ਮਾਪਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਕਿ ਅਸੀਂ ਤੁਹਾਡੇ ਮੁੰਡੇ ਨਾਲ ਆਪਣੀ ਧੀ ਵਿਆਹੁਣਾ ਚਾਹੁੰਦੇ ਹਾਂ। ਜਗਵਿੰਦਰ ਨੇ ਦੱਸਿਆ, ”ਕੁੜੀ ਨੂੰ ਜਦੋਂ ਪਤਾ ਲੱਗਾ ਕਿ ਇੱਕ ਅਜਿਹੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਜਿਸਦੇ ਹੱਥ ਨਹੀਂ ਹਨ ਤਾਂ ਉਸਦਾ ਜਵਾਬ ਸੀ ਕਿ ਇਸ ਨਾਲੋਂ ਤਾਂ ਮੈਂ ਕੁਵਾਰੀ ਰਹਿ ਜਾਵਾਂ ਜਾਂ ਖੁਦਕੁਸ਼ੀ ਕਰ ਲਵਾਂ।”ਮਾਂ ਦਾ ਪੁੱਤਰ ਲਈ ਸੰਘਰਸ਼ ਜਦੋਂ ਜਗਵਿੰਦਰ ਦਾ ਜਨਮ ਹੋਇਆ ਤਾਂ ਉਸ ਸਮੇਂ ਬਣੇ ਹਾਲਾਤਾਂ ਨੂੰ ਯਾਦ ਕਰਕੇ ਮਾਂ ਅਮਰਜੀਤ ਕੌਰ ਭਾਵੁਕ ਹੋ ਜਾਂਦੇ ਹਨ।ਅਮਰਜੀਤ ਕੌਰ ਮੁਤਾਬਕ, ”ਇਹ ਪੈਦਾ ਹੋਇਆ ਤਾਂ ਮੇਰੀ ਕਿਸੇ ਨੇ ਮਦਦ ਨਾ ਕੀਤੀ। ਕਿਹਾ ਗਿਆ ਕਿ ਤੂੰ ਇਸ ਨੂੰ ਰੱਖੇਂਗੀ ਤਾਂ ਅਸੀਂ ਤੈਨੂੰ ਨਹੀਂ ਰੱਖਣਾ। ਇਸ ਨੂੰ ਪਿੰਗਲਵਾੜੇ ਦੇਣ ਦੀ ਗੱਲ ਕਹੀ ਗਈ ਤਾਂ ਮੈਂ ਵਿਰੋਧ ਕੀਤਾ।”ਅੱਜ ਨਤੀਜਾ ਇਹ ਹੈ ਕਿ ਜਿਸਨੂੰ ‘ਅਪੰਗ’ ਸਮਝ ਕੇ ਪਰਿਵਾਰ ਤੇ ਸਮਾਜ ਨਕਾਰਦਾ ਰਿਹਾ ਉਹ ਆਪਣੀ ਮਿਹਨਤ ਸਦਕਾ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਜਗਵਿੰਦਰ ਸਿੰਘ ਪੰਜਾਬ ਸਰਕਾਰ ਦੇ ਭੌਂ ਅਤੇ ਜਲ ਰੱਖਿਆ ਵਿਭਾਗ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਕਰਵਾਏ ਜਾਣ ਵਾਲੇ ਈਵੈਂਟਸ ਵਿੱਚ ਹਿੱਸਾ ਲੈਣ ਇਸ ਲਈ ਦਿਨ ਰਾਤ ਉਨ੍ਹਾਂ ਦੀ ਮਿਹਨਤ ਜਾਰੀ ਹੈ। ਮਾਪਿਆਂ ਵੱਲੋਂ ਹਿੰਮਤ ਤੇ ਭੈਣ ਭਰਾਵਾਂ ਦਾ ਪਿਆਰ ਜਗਵਿੰਦਰ ਨੂੰ ਹਰ ਰੋਜ਼ ਨਵੀਂ ਊਰਜਾ ਦਿੰਦਾ ਹੈ।ਸਾਬਤ ਸੂਰਤ ਜਗਵਿੰਦਰ ਸਿੱਖੀ ਸਿਧਾਂਤ ਦੀ ਪਾਲਣਾ ਕਰਦੇ ਹਨ। ਭਰਾ ਨੂੰ ਘਰੋਂ ਬਾਹਰ ਭੇਜਣ ਤੋਂ ਪਹਿਲਾਂ ਭੈਣਾਂ ਤੇ ਦੋਸਤ ਮਿੱਤਰ ਜਗਵਿੰਦਰ ਸੋਹਣੀ ਦਸਤਾਰ ਸਜਾਉਂਦੇ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>