ਮਾਨ ਵਲੋਂ ਕੁਮਾਰੀ ਮਾਇਆਵਤੀ ਪ੍ਰਤੀ ਵਰਤੀ ਸ਼ਬਦਾਬਲੀ ਲਈ ਮੰਗੀ ਮਾਫ਼ੀ II ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤਾ ਖੁਲਾਸਾ

Sharing is caring!

ਮਾਨ ਵਲੋਂ ਕੁਮਾਰੀ ਮਾਇਆਵਤੀ ਪ੍ਰਤੀ ਵਰਤੀ ਸ਼ਬਦਾਬਲੀ ਤੇ ਜਥੇਦਾਰ ਚੁੱਪ, ਸਿਆਸੀ ਪਾਟਰੀਆਂ ਅਤੇ ਮੀਡੀਏ ਨੂੰ ਪਈ ਦੰਦਲ (ਬਲਦੇਵ ਝੱਲੀ) ਤਿੰਨ ਦਿਨ ਪਹਿਲੋਂ ਸ਼ੋਸ਼ਲ ਮੀਡੀਏ ਉੱਤੇ ਮਾਨ ਵਲੋਂ ਬਗਰਾੜੀ ਸਮਾਗਮ ਦੌਰਾਨ ਸਿਮਰਨਜੀਤ ਮਾਨ ਵਲੋਂ ਬਸਪਾ ਸੁਪਰੀਮੋ ਮਾਇਆਵਤੀ ਖਿਲਾਫ ਵਰਤੀ ਭੱਦੀ ਸ਼ਬਦਾਬਲੀ ਦਾ ਨਾਂ ਤਾਂ ਕਿਸੇ ਜਥੇਦਾਰ, ਨਾਂ ਹੀ ਸਿਆਸੀ ਪਾਰਟੀਆਂ ਸਮੇਤ ਸਮੁੱਚੇ ਸਿੱਖ ਮੀਡੀਏ ਨੇ ਨੋਟਿਸ ਲਿਆ। ਲਗਦੈ ਸੱਭ ਨੂੰ ਦੰਦਲ ਪੈ ਗਈ। ਫੇਸਬੁੱਕੀ ਸ਼ੇਰ ਵੀ ਲਗਦੈ ਘਾਹ ਖਾ ਕੇ ਸੌਂ ਗਏ ਤੇ ਹਰਕਤ ਵਿੱਚ ਹੈ ਤਾਂ ਸਿਰਫ ਸ਼ੋਸ਼ਿਤ ਸਮਾਜ।

ਗੁਰਦੁਆਰਿਆਂ ਦੀਆਂ ਸਟੇਜਾਂ ਤੇ ਲੰਬੇ ਭਾਸ਼ਣਾਂ ਵਾਲੇ ਪ੍ਰਧਾਨ ਅਤੇ ਕਥਾ-ਕੀਰਤਨੀਆਂ ਲਈ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ’ ਸ਼ਬਦ ਮਹਿਜ ਪੜਨ ਵਾਸਤੇ ਹੀ ਜਾਪਦੈ। ਮੁੱਕਦੀ ਗੱਲ ਤਾਂ ਇਹੋ ਐ ਕਿ ਟਕਸਾਲੀ, ਅਖੰਡ ਕੀਰਤਨੀ, ਖਾਲਿਸਤਾਨੀ, ਹਿੰਦੋਸਤਾਨੀ, ਮਿਸ਼ਨਰੀ, ਡੇਰੇਦਾਰ, ਜਥੇਦਾਰ ਸਭ ਗੂੰਗੇ ਤੇ ਬਹਿਰੇ ਹੋ ਗਏ ਲਗਦੇ ਨੇ। ਮਾਨ ਵਲੋਂ ਵਰਤੀ ਸ਼ਬਦਾਬਲੀ ਦੱਸਦੀ ਐ ਕਿ ਉਸਦਾ ਖਾਲਿਸਤਾਨ ਕਿਸ ਤਰਾਂ ਦਾ ਹੋਵੇਗਾ!!! ਵਾਮਨ ਮੇਸ਼ਰਾਮ ਅਤੇ ਉਸਦੇ ਵਿਦੇਸੀਂ ਬੈਠੇ ਦਲਿਤ ਹਿਮਾਇਤੀਆਂ ਨੂੰ ਲਗਦਾ ਕਿ ਇੱਕ ਵਾਰ ਖਾਲਿਸਤਾਨ ਬਣ ਗਿਆ ਤਾਂ ਸ਼ਾਇਦ ਬਰਾਬਰਤਾ ਆ ਜਾਊ!!

ਇਨਾਂ ਨੂੰ ਹੁਣ ਕੌਣ ਸਮਝਾਵੇ ਕਿ ਜਿਨਾਂ ਕਦੇ ਸਿਰ ਦੀ ਵਰਤੋਂ ਨਹੀਂ ਕੀਤੀ ਅਗਾਂਹ ਕੀ ਕਰਨਗੇ। ਜੇ ਅਜਿਹਾ ਹੁੰਦਾ ਤਾਂ ਸ਼ਾਇਦ ਅੱਜ ਪੂਰਾ ਭਾਰਤ ਖਾਲਸਈ ਰੰਗ ਵਿੱਚ ਰੰਗਿਆ ਹੁੰਦਾ। ਜਿਹੜੇ ਪੱਗ ਵਾਲੇ ਬ੍ਰਾਹਮਣ ਖੁਦ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ ਹਿੰਦੂਤਵੀ ਤਰੀਕੇ ਨਾਲ ਕਰਦੇ ਹੋਣ , ਉਨਾਂ ਤੋਂ ਅੱਗੋਂ ਹੋਰ ਆਸ ਕੀ?? ਅੰਮ੍ਰਿਤਧਾਰੀ ਅਸਿੱਖ ਸਿਮਰਨਜੀਤ ਮਾਨ ਜਿਹੜਾ ਗੁਰੂ ਗੰਥ ਦੀ ਥਾਵੇਂ ਨਾਮਧਾਰੀ ਬਾਬੇ ਅੱਗੇ ਹੱਥ ਜੋੜੀ ਖੜਾ ਹੋਵੇ ਤਾਂ ਸਮਝੋ ਉਸਦੇ ਗੱਡੇ ਦੇ ਪਹੀਏ ਅੱਜ ਵੀ ਨੀਂ ਤੇ ਕੱਲ ਵੀ ਨੀਂ। ਇਸ ਕਰਕੇ ਉਨਾਂ ਸਾਰੇ ਦਲਿਤ ਹਿਤੈਸ਼ੀਆਂ ਨੂੰ ਸਨਿਮਰ ਬੇਨਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਗੱਡੇ ਤੋਂ ਛਾਲਾਂ ਮਾਰੋ ਤੇ ਆਪਣੀ ਕਿਸਮਤ ਦਾ ਫੈਸਲਾ ਆਪ ਕਰੋ। ਕਿਉਂਕਿ ਜਿਸ ਪਾਰਟੀ ਜਾਂ ਕੌਮ ਦੇ ਜਥੇਦਾਰ ਨੂੰ ਔਰਤਾਂ ਦਾ ਸਤਿਕਾਰ ਕਰਨ ਦੀ ਬੁੱਧੀ ਨਹੀਂ , ਤਾਂ ਉਹ ਤੁਹਾਡੇ ਪੈਰੀਂ ਪਈਆਂ ਬੇੜੀਆਂ ਕਿਵੇਂ ਖੋਹਲ ਸਕਦੈ??

ਜਿਹੜੀ ਜਰੂਰੀ ਗੱਲ ਵਿਦੇਸ਼ੀਂ ਬੈਠੇ ਦਲਿਤ ਸਮਾਜ ਦੇ ਲੀਡਰਾਂ ਅਤੇ ਲੋਕਾਂ ਨੂੰ ਦੱਸਣੀ ਬਣਦੀ , ਉਹ ਇਹ ਐ ਕਿ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਇਟਲੀ ਵਿੱਚ ਭਾਰਤ ਰਤਨ ਡਾ: ਅੰਬੇਡਕਰ ਵੈੱਲਫੇਅਰ ਐਸੀਏਸ਼ਨ ਵਲੋਂ ਡਾ: ਅੰਬੇਡਕਰ ਜੀ ਸਬੰਧੀ ਬੈਰਗਾਮੋ (ਇਟਲੀ) ਵਿਖੇ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਕੈਨੇਡਾ ਤੋਂ ਦਲਿਤ ਚਿੰਤਕ ਬੀਬੀ ਕਮਲਸ਼ੇ ਅਹੀਰ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਉਸ ਸਮਾਗਮ ਵਿੱਚ ਕੌੜੀ ਸੱਚਾਈ ਬਹੁਤੇ ਲੋਕਾਂ ਦੀ ਜੀਭ ਉੱਤੇ ਸਾਇਨਾਈਡ ਵਾਂਗ ਅਸਰ ਕਰ ਗਈ ਸੀ। ਵਿਦੇਸ਼ਾਂ ਸਮੇਤ ਪੰਜਾਬ ਵਿੱਚ ਥਾਂ-ਥਾਂ ਰੋਸ ਮੁਜਾਹਰੇ ਕੀਤੇ ਗਏ ਸੀ। ਹਾਲਾਂਕਿ ਕਮਲੇਸ਼ ਅਹੀਰ ਨੇ ਕੁੱਝ ਵੀ ਗਲਤ ਨਹੀਂ ਕਿਹਾ ਸੀ ਸਗੋਂ ਸਮਾਗਮ ਦੀ ਸੀਡੀ ਨੂੰ ਕੱਟ-ਵੱਢ ਕੇ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਪਤੈ ਯੂਰੋਪ ਵਿੱਚ ਉਸ ਸੀਡੀ ਰਾਹੀਂ ਸਮਾਜ ‘ਚ ਅੱਗ ਲਾਉਣ ਵਾਲਾ ਕੌਣ ਸੀ? ਜੀ ਹਾਂ, ਉਹ ਜਰਮਨੀ ਤੋਂ ਆਨਲਾਈਨ ਪੰਜਾਬੀ ਅਖਬਾਰ ਸੀ ਜਿਸਨੂੰ ਤੁਸੀਂ ਅੱਜ ਵੀ ਆਪਣੇ ਗੁਰਦੁਆਰਿਆਂ ਜਾਂ ਸਮਾਜਿਕ ਸਮਾਗਮਾਂ ਦੀਆਂ ਖਬਰਾਂ ਲਗਵਾਉਣ ਲਈ ਯੂਰੋ ਦਿੰਦੇ ਹੋ। ਤੇ ਖੁਸ਼ ਹੁੰਦੇ ਹੋ ਦੂਸਰੇ ਦਿਨ ਅਖਬਾਰ ਵਿੱਚ ਆਪਣੀਆਂ ਲੱਗੀਆਂ ਤਸਵੀਰਾਂ ਵੇਖ ਕੇ!!! ਸਮਾਗਮ ਕਰਵਾਏ , ਅਖਬਾਰਾਂ ਚ ਮੁੱਲ ਦੇ ਫੋਟੋ ਲਵਾਏ, ਅਸੀਂ ਇਸਨੂੰ ਹੀ ਸਮਾਜ ਦੀ ਤਰੱਕੀ ਦਾ ਪੈਮਾਨਾ ਸਮਝ ਲਿਆ।

ਮੈਂ ਆਪਣੇ ਸਮਾਜ ਦੇ ਸਮੂਹ ਉਨਾਂ ਚਿੰਤਕਾਂ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਹੁਣ ਉਸ ਅਖਬਾਰ ਦੇ ਮਾਲਕ ਨੂੰ ਮਾਨ ਦੀ ਇਸ ਵੀਡੀਉ ਬਾਰੇ ਜਾਣਕਾਰੀ ਨਹੀਂ? ਕੀ ਹੁਣ ਉਸਦੀ ਹਿੰਮਤ ਹੈ ਕਿ ਉਹ ਵੀਡੀਉ ਆਪਣੇ ਪੇਪਰ ‘ਚ ਲਾਵੇਗਾ ਤਾਂ ਕਿ ਰੋਜਾਨਾ ਲੋਕਾਂ ਨੂੰ ਮੱਤਾਂ ਦੇ ਵਾਲੇ ਜਥੇਦਾਰਾਂ, ਕੀਰਤਨੀਆਂ ਮਿਸ਼ਨਰੀਆਂ, ਟਕਸਾਲੀਆਂ ਤੱਕ ਮਾਨ ਦੀ ਇਹ ਕੋਝੀ ਹਰਕਤ ਪਹੁੰਚ ਸਕੇ? ਕੀ ਉਹ ਖੁਦ ਇਨਾਂ ਸਿੱਖੀ ਦੇ ਆਪੂੰ ਬਣੇ ਠੇਕੇਦਾਰਾਂ ਨੂੰ ਸਵਾਲ ਕਰੇਗਾ? ਜੇਕਰ ਜੁਆਬ ਨਹੀਂ ਚ’ ਹੋਇਆ ਤਾਂ ਅੱਜ ਤੋਂ ਆਪਣੀ ਕੌਮ ਦਾ ਸਰਮਾਇਆ ਇਨਾਂ ਲੋਕਾਂ ਨੂੰ ਦੇਣ ਦੀ ਬਜਾਏ ਖੁਦ ਦਲਿਤ ਸਮਾਜ ਦੀ ਭਲਾਈ ਵਾਸਤੇ ਖਰਚ ਕਰੋ। ਫਿਰ ਸਾਨੂੰ ਕੋਈ ਲੋੜ ਨਹੀਂ ਹੋਵੇਗੀ ਕਿਸੇ ਵੀ ਬਿਗਾਨੇ ਮੀਡੀਏ ਦੀ , ਕਿਉਂਕਿ ਤੁਹਾਡੇ ਕੀਤੇ ਕੰਮਾਂ ਨੂੰ ਸਮਾਜ ਨੇ ਖੁਦ-ਬ-ਖੁਦ ਦਲਿਤ ਵਿਹੜਿਆਂ ਤੱਕ ਪਹੁੰਚਾ ਦੇਣੈ। (ਵਿਸਥਾਰ ਨਾਲ ਗੱਲਬਾਤ ਅਗੜੀ ਕੜੀ ‘ਚ)

Leave a Reply

Your email address will not be published. Required fields are marked *