Uncategorized

ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ‘ਸੁਖਬੀਰ ਮਾਡਲ’ ਫੇਲ੍ਹ !

Sharing is caring!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਸਿਆਸੀ, ਧਾਰਮਿਕ ਤੇ ਸਮਾਜਿਕ ਹਰ ਫਰੰਟ ‘ਤੇ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਬੜੇ ਉਤਰਾਅ-ਚੜ੍ਹਾਅ ਆਏ ਪਰ ਅਜਿਹੀ ਹਾਲਤ ਪਹਿਲੀ ਵਾਰ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਜਿਸ ਧਾਰਮਿਕ ਧਰਾਤਲ ‘ਤੇ ਸਿਆਸਤ ਕਰਦਾ ਹੈ, ਉਹ ਹੀ ਖਿਸਕਦੀ ਨਜ਼ਰ ਆ ਰਹੀ ਹੈ।

Posted by Punjabi Junction on Wednesday, September 5, 2018

ਦਰਅਸਲ ਅਕਾਲੀ ਦਲ ਨਾਲ ਜ਼ਿਆਦਾਤਰ ਵੋਟ ਬੈਂਕ ਸਿਆਸੀ ਸਿਧਾਂਤਾਂ ਦੀ ਬਜਾਏ ਧਾਰਮਿਕ ਜਜ਼ਬਾਤਾਂ ਕਰਕੇ ਜੁੜਿਆ ਹੈ। ਬਹੁਤੇ ਵੋਟਰਾਂ ਦਾ ਇਹ ਜਜ਼ਬਾਤੀ ਸਬੰਧ ਇਸ ਕਦਰ ਹੈ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਣਾ ਵੀ ਸ਼੍ਰੀ ਗੁਰੂ ਨਾਨਕ ਦੇਵ ਦੀ ਤੇਰਾ-ਤੇਰਾ ਤੋਲਣ ਵਾਲੀ ਤੱਕੜੀ ਨਾਲ ਕਰਦੇ ਹਨ। ਇਸ ਲਈ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਦੀ ਤਰਜ਼ਮਾਨੀ ਕਰਨ ਵਾਲੀ ਪਾਰਟੀ ਸਮਝਿਆ ਜਾਂਦਾ ਰਿਹਾ ਹੈ।ਪਿਛਲੇ ਸਮੇਂ ਵਿੱਚ ਅਕਾਲੀ ਦਲ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਜਿਸ ਨੂੰ ਮੀਡੀਆ ਵਿੱਚ ‘ਸੁਖਬੀਰ ਮਾਡਲ’ ਕਿਹਾ ਜਾਂਦਾ ਹੈ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਦਿਆਂ ਹੀ ਪਾਰਟੀ ਦਾ ਮੂੰਹ-ਮੁੰਹਾਂਦਰਾ ਬਦਲ ਦਿੱਤਾ। ਉਨ੍ਹਾਂ ਨੇ ਪੰਥਕ ਮੁੱਦਿਆਂ ਨਾਲੋਂ ਅਜਿਹੇ ਮਸਲਿਆਂ ‘ਤੇ ਸਿਆਸਤ ਕੀਤੀ ਜਿਨ੍ਹਾਂ ਨਾਲ ਜ਼ਿਆਦ ਤੋਂ ਜ਼ਿਆਦਾ ਵੋਟਰਾਂ ਨੂੰ ਭਰਮਾਇਆ ਜਾ ਸਕੇ। ਇਸ ਸਿਆਸਤ ਵਿੱਚ ਟਕਸਾਲੀ ਲੀਡਰ ਪਿੱਛੇ ਰਹਿ ਗਏ ਤੇ ਮੌਜੂਦਾ ਤਾਣੇ-ਬਾਣੇ ‘ਚ ਫਿੱਟ ਬੈਠਣ ਵਾਲੇ ਅੱਗੇ ਆ ਗਏ।ਪਿਛਲੇ ਇੱਕ ਦਹਾਕੇ ਵਿੱਚ ਅਕਾਲੀ ਦਲ ਤੋਂ ਪੰਥਕ ਵੋਟ ਦੂਰ ਹੁੰਦੀ ਗਈ। ਇਸ ਨੂੰ ਸਭ ਤੋਂ ਵੱਡੀ ਸੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਵੱਜੀ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਪਾਰਟੀ ਨੂੰ ਮਹਿਜ਼ 15 ਸੀਟਾਂ ਮਿਲੀਆਂ। ਇਸ ਦੌਰਾਨ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਵੀ ਸਾਥ ਛੱਡਦਾ ਨਜ਼ਰ ਆਇਆ। ਅੰਦਰ ਖਾਤੇ ਸੁਖਬੀਰ ਬਾਦਲ ਮਾਡਲ ਦੀ ਅਲੋਚਨਾ ਹੋਈ ਪਰ ਸਭ ਸ਼ਾਂਤ ਹੋ ਗਿਆ।ਹੁਣ ਇੱਕ ਵਾਰ ਫਿਰ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ। ਸੋਸ਼ਲ ਮੀਡੀਆ ਉੱਪਰ ਅਕਾਲੀ ਦਲ ਖਿਲਾਫ ਨਫਰਤ ਦਾ ਝੱਖੜ ਆਇਆ ਹੋਇਆ ਹੈ। ਜ਼ਿਆਦਾਤਰ ਬਾਦਲ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਕਰਕੇ ਹੀ ਟਕਸਾਲੀ ਲੀਡਰਾਂ ਨੇ ਜ਼ੁਬਾਨ ਖੋਲ੍ਹਣ ਦੀ ਜ਼ੁਅਰਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਹੋਣ ਦਾ ਮਸ਼ਵਰਾ ਦੇਣ ਤੋਂ ਬਾਅਦ ਅਕਾਲੀ ਦਲ ਦੇ ਹੋਰ ਲੀਡਰਾਂ ਨੇ ਵੀ ਦੱਬਵੀਂ ਸੁਰ ਵਿੱਚ ਢੀਂਡਸਾ ਦੇ ਤਰਕ ਦਾ ਸਮਰਥਨ ਕੀਤਾ ਹੈ। ਅਕਾਲੀ ਦਲ ਦੇ ਔਣਗੌਲੇ ਲੀਡਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੀ ਵੱਕਾਰ ਬਹਾਲੀ ਸਮੇਂ ਦੀ ਲੋੜ ਹੈ।ਬੇਸ਼ੱਕ ਅਕਾਲੀ ਦਲ ਨੇ ਆਪਣੇ ਖਿਲਾਫ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੌਖਾ ਨਹੀਂ ਜਾਪਦਾ। ਇਸ ਵੇਲੇ ਵੱਡੇ ਫੈਸਲਿਆਂ ਦੀ ਲੋੜ ਹੈ ਪਰ ਸੁਖਬੀਰ ਬਾਦਲ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ। ਇਸ ਲਈ ਅਕਾਲੀ ਦਲ ਨੂੰ ਮੁੜ ਪੈਰ ਜਮਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਵੇਗੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>