ਸਾਨੂੰ ਚਰਖਿਆਂ ਵਾਲੇ ਚੇਤੇ,ਪਰ ਚਰਖੜੀਆਂ ਵਾਲੇ ਨਹੀਂ-ਰਾਜ ਕਾਕੜਾ Suno te Share Karo

Sharing is caring!

ਸਾਨੂੰ ਚਰਖਿਆਂ ਵਾਲੇ ਚੇਤੇ,ਪਰ ਚਰਖੜੀਆਂ ਵਾਲੇ ਨਹੀਂ-ਰਾਜ ਕਾਕੜਾ,ਭਾਵੇਂ ਗੀਤਕਾਰੀ ਦੇ ਸਿਨਫ਼ ਉੱਤੇ ਅਨੇਕਾਂ ਨਾਂ ਦਰਜ ਹਨ ਪਰ ਰਾਜ ਕਾਕੜੇ ਦੇ ਨਾਂ ਦੀ ਸਭ ਤੋਂ ਵੱਖਰੀ ਚਮਕ ਹੈ। ਉਸ ਦਾ ਕਾਰਨ ਹੈ ਕਿ ਉਹ ਤੁਕਬੰਦੀ ਨਹੀਂ ਕਰਦਾ, ਵਾਸਾ ਹੈ ਉਸ ਦੀ ਨਿੱਗਰ ਸੋਚ ਵਿੱਚ ਸਾਹਿਤ ਦਾ। ਇੱਕ ਗੱਲ ਨੂੰ ਮੈਂ ਅੱਜ ਵੀ ਮਹਿਸੂਸ ਕਰਦਾ ਹਾਂ ਕਿ ਜਦੋਂ ਮੈਂ ਲੋਕ-ਗਾਇਕੀ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਜੀਵਨੀ

ਲਿਖਣ ਤੋਂ ਬਾਅਦ ਇੱਕ ਹੋਰ ਪੁਸਤਕ ਸੰਪਾਦਿਤ ਕੀਤੀ ਤਾਂ ਮੇਰੇ ਕੋਲ ਵੱਡੇ ਸਾਹਿਤਕਾਰਾਂ ਦੇ ਨਾਲ-ਨਾਲ ਕਈ ਵੱਡੇ ਗੀਤਕਾਰਾਂ ਦੇ ਲੇਖ ਵੀ ਪੁੱਜੇ ਸਨ ਪਰ ਕਿਸੇ ਨੇ ਮਾਣਕ ਦੀਆਂ ਗਾਈਆਂ ਲੋਕ-ਗਾਥਾਵਾਂ ਦੀ ਗੱਲ ਨਹੀਂ ਸੀ ਕੀਤੀ।ਸਭ ਨੇ ਰੀਸੋ-ਰੀਸ ‘ਕਲੀਆਂ ਦਾ ਬਾਦਸ਼ਾਹ’ ਹੀ ਲਿਖ ਮਾਰਿਆ ਸੀ ਤੇ ਨਾ ਹੀਸੂਖ਼ਮ ਭਾਵੀ ਸ਼ਬਦੀ ਚਿਤਰਣ ਕੀਤਾ ਮਿਲਿਆ ਸੀ। ਉਨ੍ਹਾਂ ਲੇਖਾਂ ’ਚੋਂ, ਜਿਨ੍ਹਾਂ ਨੂੰ ਮਜਬੂਰਨ ਮੈਂ ਛਾਪਣਾ ਚੰਗਾ ਨਹੀਂ ਸੀ ਸਮਝਿਆ। ਪਰ ਰਾਜ ਕਾਕੜੇ ਨੇ ਆਪਣੇ ਲੇਖ ਵਿੱਚ ਮਾਣਕ ਨੂੰ ਕਿੱਸਾ, ਲੋਕ-ਗਾਥਾਵਾਂ, ਵਾਰਾਂ ਤੇ ਲੋਕ ਗੀਤਾਂ ਦਾ ਇਨਸਾਈਕਲੋਪੀਡੀਆ ਦੱਸਿਆ ਸੀ।ਇਹੀ ਵਖਰੇਵਾਂ ਹੈ ਰਾਜ ਕਾਕੜੇ ਦੀ ਕਲਮ ’ਚ।ਰਾਜ ਕਾਕੜਾ ਮਾਲਵੇ ਦੀ ਧਰਤੀ ’ਤੇ ਜੰਮ ਕੇ ਜਵਾਨ ਹੋਇਆ ਹੈ, ਜਿਸ ਧਰਤੀ ਨੂੰ ਮੇਲਿਆਂ, ਅਖਾੜਿਆਂ, ਕਲਾਵਾਂ ਦੀ ਬਖਸ਼ਿਸ਼ ਹੈ। ਜ਼ਿਲ੍ਹਾ ਸੰਗਰੂਰ ਦੇ ਮਸ਼ਹੂਰ ਪਿੰਡ ਕਾਕੜਾ ’ਚ ਸ. ਸੁੱਚਾ ਸਿੰਘ ਦੇ ਘਰ ਮਾਤਾ ਕੁਲਵੀਰ ਕੌਰ ਦੀ ਕੁੱਖੋਂ ਜਨਮਿਆ, ਰਾਜ ਆਪਣੀਆਂ ਦੋ ਭੈਣਾਂ, ਪ੍ਰਵੀਨ ਕੌਰ ਤੇ ਲਖਵੀਰ ਕੌਰ ਤੋਂ ਬਿਨਾਂ ਭਰਾ ਬਲਵਿੰਦਰ ਸਿੰਘ ਦਾ ਲਾਡਲਾ ਵੀਰ ਹੈ।ਰਾਜ ਕਾਕੜੇ ਦਾ ਅਸਲ ਨਾਂ ਹੈ ਰਾਜਵਿੰਦਰ ਸਿੰਘ।ਰਾਜ ਦਾ ਡੂੰਘਾ ਸਨੇਹ ਹੈਸਾਹਿਤ ਤੇ ਸੰਗੀਤ ਨਾਲ। ਅਜੋਕੇ ਬਹੁਤੇ ਗੀਤਕਾਰਾਂ ਨੂੰ ਸਾਹਿਤ ਪੜ੍ਹਨਾ ਚੰਗਾ ਨਹੀਂ ਲੱਗਦਾ, ਉਨ੍ਹਾਂ ਦੀ ਸਮਝੋਂ ਬਾਹਰ ਨੇ ‘ਕਿਤਾਬਾਂ’ ਪਰ ਇਹਦੇ ਉਲਟ ਰਾਜ ਦੀਆਂ ਹਮਸਫ਼ਰ ਨੇ ਕਿਤਾਬਾਂ। ਗੀਤਾਂ ਦੇ ਵਿਸ਼ੇ ਇੰਨੇ ਹਲਕੇ ਹੋ ਜਾਣ ਦਾ ਕਾਰਨ ਮੈਂ ਗੀਤਕਾਰਾਂ ਦਾ ਸਾਹਿਤ ਤੋਂ ਮੂੰਹ ਮੋੜ ਲੈਣ ਨੂੰ ਮੰਨਦਾ ਹਾਂ ਪਰ ਕਾਕੜਾ ਇੰਨਾ ਵਿਲੱਖਣ, ਇੱਕ ਵਿੱਥ ’ਤੇ ਖੜ੍ਹਿਆ ਇਸੇ ਕਰਕੇ ਨਜ਼ਰ ਆਉਂਦਾ ਹੈ ਕਿ ਉਹ ਖਿਆਲੀ ਪਰਵਾਜ਼ ਭਰਨ ਦੀ ਬਜਾਏ ਦਿਨ ਰਾਤ ਘੰਟਿਆਂਬੱਧੀ ਦੇਸੀ ਤੇ ਵਿਦੇਸ਼ੀ ਸਾਹਿਤ ਦਾ ਅਧਿਐਨ ਕਰਦਾ ਹੈ।

Leave a Reply

Your email address will not be published. Required fields are marked *